ਬਰਮਿੰਘਮ: ਜੋਅ ਰੂਟ ਅਤੇ ਜੌਨੀ ਬੇਅਰਸਟੋ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੇ ਭਾਰਤ ਨੂੰ ਪੰਜਵੇਂ ਟੈਸਟ ਮੈਚ ’ਚ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਇੰਗਲੈਡ ਨੇ 378 ਦੌੜਾਂ ਦਾ ਟੀਚਾ ਅੱਜ ਪੰਜਵੇਂ ਅਤੇ ਆਖਰੀ ਦਿਨ ਸਵੇਰ ਦੇ ਸੈਸ਼ਨ ਵਿੱਚ ਹੀ ਪੂਰਾ ਕਰ ਲਿਆ। ਇਸ ਵਿੱਚ ਰੂਟ ਨੇ ਨਾਬਾਦ 142 ਅਤੇ ਬੇਅਰਸਟੋ ਨੇ ਨਾਬਾਦ 114 ਦੌੜਾਂ ਦਾ ਯੋਗਦਾਨ ਪਾਇਆ। ਮੈਚ ਵਿੱਚ ਬੇਅਰਸਟੋ ਦਾ ਇਹ ਦੂਜਾ ਸੈਂਕੜਾ ਸੀ। ਪਹਿਲੀ ਪਾਰੀ ਵਿੱਚ ਉਸ ਨੇ 140 ਗੇਂਦਾਂ ’ਤੇ 106 ਦੌੜਾਂ ਬਣਾਈਆਂ ਸਨ। ਇੰਗਲੈਂਡ ਵੱਲੋਂ ਇਹ ਮੈਚ ਜਿੱਤਣ ਮਗਰੋਂ ਪੰਜ ਮੈਚਾਂ ਦੀ ਟੈਸਟ ਸੀਰੀਜ਼ 2-2 ਨਾਲ ਡਰਾਅ ਹੋ ਗਈ ਹੈ। ਤਿੰਨ ਵਿਕਟਾਂ ਗੁਆ ਕੇ 259 ਦੌੜਾਂ ’ਤੇ ਦਿਨ ਦੀ ਸ਼ੁਰੂਆਤ ਕਰਦਿਆਂ ਇੰਗਲੈਂਡ ਨੇ 19.4 ਓਵਰਾਂ ’ਚ ਹੀ ਬਾਕੀ ਰਹਿੰਦੀਆਂ 119 ਦੌੜਾਂ ਬਣਾ ਲਈਆਂ। ਇੰਗਲੈਂਡ ਦੀ ਦੂਜੀ ਪਾਰੀ ਵਿੱਚ ਕਪਤਾਨ ਜਸਪ੍ਰੀਤ ਬੁਮਰਾਹ (2/74) ਹੀ ਵਿਕਟ ਲੈਣ ਵਾਲਾ ਇਕਲੌਤਾ ਭਾਰਤੀ ਗੇਂਦਬਾਜ਼ ਸੀ। ਮੈਚ ਦੌਰਾਨ ਧੀਮੀ ਓਵਰ ਰੇਟ ਬਣਾਈ ਰੱਖਣ ਲਈ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਭਾਰਤ ਦੇ ਦੋ ਅੰਕ ਕੱਟ ਲਏ ਗਏ ਹਨ। ਇਸ ਤੋਂ ਇਲਾਵਾ ਟੀਮ ਨੂੰ ਮੈਚ ਫੀਸ ਦਾ 40 ਫੀਸਦੀ ਹਿੱਸਾ ਜੁਰਮਾਨਾ ਵੀ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲੀ ਪਾਰੀ ਵਿੱਚ ਭਾਰਤ ਨੇ 416 ਅਤੇ ਇੰਗਲੈਂਡ ਨੇ 284 ਦੌੜਾਂ ਬਣਾਈਆਂ ਸਨ। ਇਸ ਮਗਰੋਂ ਭਾਰਤ ਨੇ ਦੂਜੀ ਪਾਰੀ ਵਿੱਚ 245 ਦੌੜਾਂ ਬਣਾ ਕੇ ਇੰਗਲੈਂਡ ਨੂੰ 379 ਦੌੜਾਂ ਦਾ ਟੀਚਾ ਦਿੱਤਾ, ਜੋ ਮੇਜ਼ਬਾਨ ਟੀਮ ਨੇ ਦੋ ਸੈਸ਼ਨ ਬਾਕੀ ਰਹਿੰਦਿਆਂ ਤਿੰਨ ਵਿਕਟਾਂ ਗੁਆ ਕੇ ਹੀ ਪੂਰਾ ਕਰ ਲਿਆ। -ਪੀਟੀਆਈ