ਲੀਡਜ਼, 26 ਅਗਸਤ
ਇੰਗਲੈਂਡ ਨੇ ਵੀਰਵਾਰ ਨੂੰ ਭਾਰਤ ਦੇ ਖ਼ਿਲਾਫ਼ ਤੀਸਰੇ ਟੈਸਟ ਦੇ ਦੂਸਰੇ ਦਿਨ ਆਪਣੀ ਪਹਿਲੀ ਪਾਰੀ ਵਿੱਚ ਅੱਠ ਵਿਕਟਾਂ ਗੁਆ ਕੇ 423 ਦੌੜਾਂ ਬਣਾਈਆਂ ਹਨ ਤੇ 345 ਦੌੜਾਂ ਦੀ ਚੜ੍ਹਤ ਬਣਾ ਲਈ ਹੈ। ਸਟੰਪ ਤੱਕ ਕਰੇਗ ਓਵਰਟਨ 24 ਦੌੜਾਂ ਬਣਾ ਕੇ ਖੇਡ ਰਿਹਾ ਸੀ ਜਦੋਂ ਕਿ ਓਲੀ ਰੋਬਿਨਸਨ ਨੇ ਅਜੇ ਖਾਤਾ ਨਹੀਂ ਖੋਲ੍ਹਿਆ ਸੀ। ਭਾਰਤ ਤਰਫੋਂ ਮੁਹੰਮਦ ਸ਼ਮੀ ਨੈ ਤਿੰਨ ਖਿਡਾਰੀ ਆਊਟ ਕੀਤੇ, ਮੁਹੰਮਦ ਸਿਰਾਜ ਤੇ ਰਵਿੰਦਰ ਜਡੇਜਾ ਨੇ ਦੋ-ਦੋ ਤੇ ਜਸਪ੍ਰੀਤ ਬੁੰਮਰਾਹ ਨੇ ਇਕ ਖਿਡਾਰੀ ਨੂੰ ਆਊਟ ਕੀਤਾ। ਭਾਰਤ ਦੀ ਪਹਿਲੀ ਪਾਰੀ 78 ਦੌੜਾਂ ’ਤੇ ਸਿਮਟ ਗਈ ਸੀ। ਇਸ ਤੋਂ ਪਹਿਲਾਂ ਚਾਹ ਦੇ ਸਮੇਂ ਤੱਕ ਇੰਗਲੈਂਡ ਨੇ ਤਿੰਨ ਵਿਕਟਾਂ ’ਤੇ 298 ਦੌੜਾਂ ਬਣਾ ਕੇ ਭਾਰਤ ਖ਼ਿਲਾਫ਼ 220 ਦੋੜਾਂ ਦੀ ਚੜ੍ਹਤ ਬਣਾ ਲਈ ਸੀ। ਨਵੀਂ ਗੇਂਦ ਹੋਣ ਕਾਰਨ ਭਾਰਤ ਨੂੰ ਅਪਣੇ ਗੇਂਦਬਾਜ਼ਾਂ ਤੋਂ ਵਿਕਟਾਂ ਦੀ ਉਮੀਦ ਸੀ ਪਰ ਗੇਂਦਬਾਜ਼ਾਂ ਨੂੰ ਖੇਡ ਦੇ ਦੂਸਰੇ ਸੈਸ਼ਨ ਵਿੱਚ ਇਕਲੌਤੀ ਸਫਲਤਾ ਉਸ ਸਮੇਂ ਮਿਲੀ ਜਦੋਂ ਮੁਹੰਮਦ ਸਿਰਾਜ ਨੇ ਮਲਾਨ ਨੂੰ ਵਿਕਟਕੀਪਰ ਰਿਸ਼ਭ ਪੰਤ ਦੇ ਹੱਥੋਂ ਕੈਚ ਕਰਵਾ ਦਿੱਤਾ। ਜੋਅ ਰੂਟ ਨੇ ਕਰੀਜ਼ ’ਤੇ ਆਉਂਦਿਆਂ ਹੀ ਤੇਜ਼ੀ ਨਾਲ ਦੌੜਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਤਿੰਨ ਸਾਲਾਂ ਵਿੱਚ ਆਪਣਾ ਪਹਿਲਾ ਟੈਸਟ ਮੈਚ ਖੇਡਣ ਵਾਲਾ ਡੇਵਿਡ ਮਲਾਨ ਆਪਣੀ ਚੰਗੀ ਲੈਅ ਨੂੰ ਜਾਰੀ ਰੱਖਦੇ ਹੋਏ ਕਰੀਜ਼ ’ਤੇ ਡਟ ਗਿਆ ਸੀ। ਇਸੇ ਦੌਰਾਨ ਸਿਰਾਜ ਦੀ ਫੁੱਲਲੈਂਥ ਗੇਂਦ ਉਸ ਦੇ ਬੱਲੇ ਨੂੰ ਟੱਚ ਕਰ ਕੇ ਵਿਕਟਕੀਪਰ ਦੇ ਹੱਥਾਂ ਵਿੱਚ ਗਈ ਪਰ ਅੰਪਾਇਰ ਨੇ ਆਊਟ ਦੀ ਅਪੀਲ ਮੰਨਣ ਤੋਂ ਨਾ ਕਰ ਦਿੱਤੀ। ਇਸ ਮਗਰੋਂ ਕਪਤਾਨ ਵਿਰਾਟ ਕੋਹਲੀ ਨੇ ਰਿਵਿਊ ਦੀ ਮੰਗ ਕੀਤੀ ਤੇ ਭਾਰਤ ਨੂੰ ਤੀਸਰਾ ਵਿਕਟ ਮਿਲ ਗਿਆ। ਇਨ੍ਹਾਂ ਦੋਹਾਂ ਖਿਡਾਰੀਆ ਨੇ ਤੀਸਰੇ ਵਿਕਟ ਲਈ 139 ਦੌੜਾਂ ਦੀ ਸਾਂਝੇਦਾਰੀ ਨਿਭਾਈ। -ਪੀਟੀਆਈ