ਦੁਬਈ: ਕੇਪ ਟਾਊਨ ’ਚ ਸੱਤ ਵਿਕਟਾਂ ਦੀ ਜਿੱਤ ਨਾਲ ਦੱਖਣੀ ਅਫਰੀਕਾ ਤੋਂ ਦੋ ਮੈਚਾਂ ਦੀ ਲੜੀ ਡਰਾਅ ਕਰਾਉਣ ਦੇ ਬਾਵਜੂਦ ਭਾਰਤ ਨੂੰ ਸ਼ੁੱਕਰਵਾਰ ਨੂੰ ਜਾਰੀ ਆਈਸੀਸੀ ਟੈਸਟ ਰੈਂਕਿੰਗ ’ਚ ਆਸਟਰੇਲੀਆ ਨੇ ਸਿਖਰਲੇ ਸਥਾਨ ਤੋਂ ਹਟਾ ਦਿੱਤਾ ਹੈ। ਆਸਟਰੇਲੀਆ ਨੇ ਆਪਣੀ ਜ਼ਮੀਨ ’ਤੇ ਚੱਲ ਰਹੀ ਤਿੰਨ ਮੈਚਾਂ ਦੀ ਲੜੀ ’ਚ ਪਾਕਿਸਤਾਨ ਤੋਂ 2-0 ਨਾਲ ਬੜ੍ਹਤ ਬਣਾਈ ਹੋਈ ਹੈ ਜਿਸ ਦੀ ਮਦਦ ਨਾਲ ਟੀਮ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਪਹੁੰਚਣ ’ਚ ਸਫਲ ਰਹੀ। ਇਸ ਲੜੀ ਦਾ ਤੀਜਾ ਮੈਚ ਸਿਡਨੀ ’ਚ ਖੇਡਿਆ ਜਾ ਰਿਹਾ ਹੈ। ਅੰਤਰਰਾਸ਼ਟਰੀ ਕਿ੍ਕਟ ਪ੍ਰੀਸ਼ਦ (ਆਈਸੀਸੀ) ਦੇ ਬਿਆਨ ਅਨੁਸਾਰ, ‘‘ਆਸਟਰੇਲੀਆ ਨੂੰ ਪਾਕਿਸਤਾਨ ਦੇ ਖਿਲਾਫ਼ ਘਰੇਲੂ ਮੈਦਾਨ ’ਤੇ ਚੱਲ ਰਹੀ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਨੇ ਇਕ ਵਾਰ ਫਿਰ ਨੰਬਰ ਇਕ ਟੈਸਟ ਟੀਮ ਬਣਨ ’ਚ ਮਦਦ ਕੀਤੀ। ਪਿਛਲੀ ਵਾਰ ਆਸਟਰੇਲੀਆ ਡਬਲਿਊਟੀਸੀ ਫਾਈਨਲ ਦੀ ਜਿੱਤ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਸਿਖਰ ’ਤੇ ਰਿਹਾ ਸੀ।’’ ਰੈਂਕਿੰਗ ’ਚ ਪਿਛਲੇ ਅਪਡੇਟ ’ਚ ਭਾਰਤ ਕੋਲ ਆਸਟਰੇਲੀਆ ਦੇ ਨਾਲ 118 ਰੇਟਿੰਗ ਅੰਕ ਬਰਾਬਰ ਹੋਣ ਦੇ ਬਾਵਜੂਦ ਜ਼ਿਆਦਾ ਅੰਕ ਸੀ। ਪਰ ਦੱਖਣੀ ਅਫਰੀਕਾ ਤੋਂ ਦੋ ਮੈਚਾਂ ਦੀ ਲੜੀ 1-1 ਲਾਲ ਬਰਾਬਰ ਰਹਿਣ ਕਾਰਨ ਭਾਰਤੀ ਟੀਮ ਆਸਟਰੇਲੀਆ ਤੋਂ ਪੱਛੜ ਗਈ। -ਪੀਟੀਆਈ