ਬੈਂਕਾਕ: ਭਾਰਤੀ ਬੈਡਮਿੰਟਨ ਖਿਡਾਰਨਾਂ ਅਸ਼ਮਿਤਾ ਚਲੀਹਾ ਅਤੇ ਮਾਲਵਿਕਾ ਬੰਸੋਦ ਨੇ ਅੱਜ ਇੱਥੇ ਥਾਈਲੈਂਡ ਓਪਨ ਸੁਪਰ 500 ਟੂਰਨਾਮੈਂਟ ਵਿੱਚ ਮਹਿਲਾ ਸਿੰਗਲਜ਼ ਦੇ ਮੁੱਖ ਡਰਾਅ ਲਈ ਕੁਆਲੀਫਾਈ ਕੀਤਾ ਹੈ। ਅਸ਼ਮਿਤਾ ਨੇ ਪਹਿਲੇ ਗੇੜ ਦੇ ਮੁਕਾਬਲੇ ਵਿੱਚ ਅਮਰੀਕਾ ਦੀ ਜੇਨੀ ਗੇਈ ਨੂੰ 21-16, 21-18 ਨਾਲ ਹਰਾਇਆ ਜਦਕਿ ਮਾਲਵਿਕਾ ਨੇ ਹਮਵਤਨ ਅਨੁਪਮਾ ਉਪਾਧਿਆਏ ਨੂੰ 21-18, 21-8 ਨਾਲ ਹਰਾ ਕੇ ਮੁੱਖ ਡਰਾਅ ’ਚ ਜਗ੍ਹਾ ਬਣਾਈ। ਹਾਲਾਂਕਿ ਭਾਰਤ ਦੀ ਥਾਮਸ ਕੱਪ ਜੇਤੂ ਟੀਮ ਦੇ ਮੈਂਬਰ ਪ੍ਰਿਯਾਂਸ਼ੂ ਰਾਜਾਵਤ, ਕਿਰਨ ਜੌਰਜ ਅਤੇ ਸ਼ੁਭੰਕਰ ਡੇ ਪੁਰਸ਼ ਸਿੰਗਲਜ਼ ਕੁਆਲੀਫਿਕੇਸ਼ਨ ਦੇ ਦੂਜੇ ਗੇੜ ਵਿੱਚ ਹਾਰ ਗਏ। ਪ੍ਰਿਯਾਂਸ਼ੂ ਨੇ ਪਹਿਲੇ ਗੇੜ ’ਚ ਫਰਾਂਸ ਦੇ ਕ੍ਰਿਸਟੋ ਪੋਪੋਵ ਨੂੰ 21-17, 21-16 ਨਾਲ ਹਰਾਇਆ ਪਰ ਦੂਜੇ ਗੇੜ ’ਚ ਉਹ ਚੀਨ ਦੇ ਲੀ ਸ਼ੀ ਫੇਂਗ ਤੋਂ 10-21, 24-22, 12-21 ਨਾਲ ਹਾਰ ਗਿਆ। ਇਸੇ ਤਰ੍ਹਾਂ ਕਿਰਨ ਨੇ ਪਹਿਲੇ ਗੇੜ ’ਚ ਡੈਨਮਾਰਕ ਦੇ ਵਿਕਟਰ ਸਵੇਂਡਸਨ ਨੂੰ 21-19, 13-21, 21-13 ਨਾਲ ਹਰਾਇਆ ਪਰ ਦੂਜੇ ਦੌਰ ਵਿੱਚ ਉਸ ਨੂੰ ਜਰਮਨੀ ਦੇ ਕੇਈ ਸ਼ੇਫਰ ਤੋਂ 17-21, 21-14, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਸ਼ੁਭੰਕਰ ਨੇ ਪਹਿਲੇ ਗੇੜ ’ਚ ਫਰਾਂਸ ਦੇ ਅਰਨੌਡ ਮਰਕਲ ਨੂੰ 21-16, 17-21, 21-17 ਨਾਲ ਮਾਤ ਦਿੱਤੀ ਪਰ ਡੈਨਮਾਰਕ ਦੇ ਮੈਡਸ ਕ੍ਰਿਸਟੋਫਰਸਨ ਤੋਂ 14-21, 21-18, 7-21 ਨਾਲ ਹਾਰ ਗਿਆ। -ਪੀਟੀਆਈ