ਬੈਂਕਾਕ: ਟਰੀਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਭਾਰਤੀ ਜੋੜੀ ਨੇ ਹਾਂਗਕਾਂਗ ਦੀਆਂ ਲੌਕ ਲੌਕ ਲੂਈ ਤੇ ਵਿੰਗ ਯੰਗ ਐੱਨਜੀ ਦੀ ਜੋੋੜੀ ਨੂੰ ਹਰਾ ਕੇ ਇੱਥੇ ਥਾਈਲੈਂਡ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਡਬਲਜ਼ ਵਰਗ ਦੇ ਦੂਜੇ ਗੇੜ ’ਚ ਜਗ੍ਹਾ ਬਣਾ ਲਈ ਹੈ। ਭਾਰਤੀ ਜੋੜੀ ਨੇ ਇੱਕ ਘੰਟਾ ਤੇ 14 ਮਿੰਟਾਂ ਤੱਕ ਚੱਲੇ ਮੁਕਾਬਲੇ ’ਚ ਵਿਰੋਧੀ ਜੋੜੀ ਨੂੰ 16-21 21-10 21-18 ਨਾਲ ਹਰਾਇਆ। ਜੌਲੀ ਤੇ ਗੋਪੀਚੰਦ ਦੀ ਜੋੜੀ ਦਾ ਦੂਜੇ ਗੇੜ ਵਿੱਚ ਮੁਕਾਬਲਾ ਹਮਵਤਨ ਤਨੀਸ਼ਾ ਕਰਾਸਟੋ ਤੇ ਅਸ਼ਵਨੀ ਪੋਨੱਪਾ ਦੀ ਜੋੜੀ ਨਾਲ ਹੋਵੇਗਾ। ਕਰਾਸਟੋ ਤੇ ਪੋਨੱਪਾ ਨੇ ਚੀਨੀ ਤਾਇਪੈ ਦੀਆਂ ਲਿੰਗ ਫਾਂਗ ਤੇ ਸ਼ਿਆਓ ਮਿਨ ਨੂੰ 21-13 21-17 ਨਾਲ ਹਰਾ ਕੇ ਦੂਜੇ ਗੇੜ ’ਚ ਜਗ੍ਹਾ ਬਣਾਈ ਹੈ। ਦੂਜੇ ਪਾਸੇ ਪੁਰਸ਼ ਸਿੰਗਲਜ਼ ਵਿੱਚ ਸਮੀਰ ਵਰਮਾ ਤੇ ਐੱਸ. ਸ਼ੰਕਰ ਮੁੱਥੂਸਵਾਮੀ ਸੁਬਰਾਮਨੀਅਨ ਕੁਆਲੀਫਾਇੰਗ ਮੈਚ ਜਿੱਤੇ ਮੁੱਖ ਡਰਾਅ ਵਿੱਚ ਜਗ੍ਹਾ ਬਣਾਉਣ ’ਚ ਕਾਮਯਾਬ ਰਹੇ। ਪਹਿਲੇ ਗੇੜ ’ਚ ਸਮੀਰ ਵਰਮਾ ਦਾ ਮੁਕਾਬਲਾ ਹਾਂਗਕਾਂਗ ਦੇ ਐੱਨਜੀ ਕਾ ਲੌਂਗ ਐਂਗਸ ਨਾਲ ਜਦਕਿ ਮੁਥੂਸਵਾਮੀ ਦਾ ਮਲੇਸ਼ੀਆ ਦੇ ਜੁਨ ਹਾਓ ਲਿਓਂਗ ਨਾਲ ਹੋਵੇਗਾ। -ਪੀਟੀਆਈ