ਬੈਕਾਕ:
ਸਾਤਵਿਸੈਰਾਜ ਰੈਂਕੀਰੈਡੀ ਤੇ ਅਸ਼ਿਵਨੀ ਪੋਨੱਪਾ ਦੀ ਜੋੜੀ ਮਿਕਸਡ ਡਬਲਜ਼ ਵਰਗ ਵਿੱਚ ਮਲੇਸ਼ੀਆ ਦੇ ਪੈਂਗ ਸ਼ੂਨ ਚਾਨ ਤੇ ਲਿਊ ਯਿੰਗ ਗੋਹ ਨੂੰ ਤਿੰਨ ਗੇਮ ਤੱਕ ਚੱਲੇ ਸਖ਼ਤ ਮੁਕਾਬਲੇ ਵਿੱਚ 18-21, 24-22, 22-20 ਨਾਲ ਹਰਾ ਕੇ ਥਾਈਲੈਂਡ ਟੋਇਟਾ ਬੈਡਮਿੰਟਨ ਓਪਨ ਦੇ ਸੈਮੀ ਫਾਈਨਲ ਗੇੜ ਵਿੱਚ ਦਾਖ਼ਲ ਹੋ ਗਈ ਹੈ ਜਦੋਂਕਿ ਭਾਰਤੀ ਖਿਡਾਰੀ ਸਮੀਰ ਚੁਣੌਤੀਪੂਰਨ ਮੁਕਾਬਲੇ ਦੌਰਾਨ ਹਾਰ ਕੇ ਖੇਡ ਵਿੱਚੋਂ ਬਾਹਰ ਹੋ ਗਏ। ਭਾਰਤ ਦੀ ਗੈਰ-ਦਰਜਾ ਪ੍ਰਾਪਤ ਜੋੜੀ ਨੇ ਸਵਾ ਘੰਟੇ ਦੇ ਕਰੀਬ ਚੱਲੇ ਮੁਕਾਬਲੇ ਵਿੱਚ ਵਿਸ਼ਵ ਦਰਜਾਬੰਦੀ ਵਿੱਚ ਛੇਵੇਂ ਸਥਾਨ ’ਤੇ ਕਾਬਜ਼ ਮਲੇਸ਼ਿਆਈ ਜੋੜੀ ਨੂੰ ਪਹਿਲੀ ਗੇਮ ਗੁਆਉਣ ਦੇ ਬਾਵਜੂਦ ਬਾਕੀ ਦੀਆਂ ਦੋ ਗੇਮਾਂ ਕਰੀਬੀ ਮੁਕਾਬਲੇ ਨਾਲ ਜਿੱਤ ਕੇ ਆਖਰੀ ਚਾਰ ਵਿੱਚ ਥਾਂ ਪੱਕੀ ਕੀਤੀ। ਸਮੀਰ ਪੁਰਸ਼ ਵਰਗ ਵਿੱਚ ਵਿਸ਼ਵ ਰੈਂਕਿੰਗ ਵਿੱਚ ਤੀਜੇ ਸਥਾਨ ’ਤੇ ਕਾਬਜ਼ ਡੈਨਮਾਰਕ ਖਿਡਾਰੀ ਐਂਡਰਸ ਅੰਟੋਨਸੇਨ ਨਾਲ ਹੋਏ ਸਖ਼ਤ ਮੁਕਾਬਲੇ ਵਿੱਚ ਹਾਰ ਗਏ। ਡੈਨਮਾਰਕ ਖ਼ਿਡਾਰੀ ਨੇ 21-13 19-21 22-20 ਨਾਲ ਜਿੱਤ ਦਰਜ ਕੀਤੀ। ਵਿਸ਼ਵ ਰੈਂਕਿੰਗ ਵਿੱਚ 22ਵੇਂ ਸਥਾਨ ’ਤੇ ਕਾਬਜ਼ ਭਾਰਤੀ ਜੋੜੀ ਦਾ ਸੈਮੀਫਾਈਨਲ ਵਿੱਚ ਮੁਕਾਬਲਾ ਥਾਈਲੈਂਡ ਦੇ ਦੈਚਾਪੋਲ ਪੁਰਾਵਰਨੂਕਰੋਹ ਤੇ ਸਪਸਾਈ ਤਰੇਟਨਆਚੀ ਅਤੇ ਕੋਰੀਆ ਦੇ ਸੰਗ ਹਿਊਂ ਤੇ ਹੇਅ ਵਨ ਇਊਮ ਦੌਰਾਨ ਖੇਡੇ ਜਾਣ ਵਾਲੇ ਕੁਆਰਟਰਫਾਈਨਲ ਦੀ ਜੇਤੂ ਜੋੜੀ ਨਾਲ ਹੋਵੇਗਾ।
-ਪੀਟੀਆਈ
ਸਿੰਧੂ ਅਤੇ ਸਮੀਰ ਸਿੰਗਲਜ਼ ’ਚ ਹਾਰੇ
ਵਿਸ਼ਵ ਚੈਂਪੀਅਨ ਪੀਵੀ ਸਿੰਧੂ ਨੂੰ ਅੱਜ ਆਪਣੀਆਂ ਗਲਤੀਆਂ ਕਾਰਨ ਕੁਆਰਟਰਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਚੁਣੌਤੀਪੂਰਨ ਮੁਕਾਬਲੇ ਵਿੱਚ ਸਮੀਰ ਵਰਮਾ ਵੀ ਆਪਣਾ ਮੈਚ ਹਾਰ ਗਏ। ਸਿੰਧੂ ਅਤੇ ਸਮੀਰ ਦੀ ਹਾਰ ਨਾਲ ਸਿੰਗਲਜ਼ ਵਰਗ ਵਿੱਚ ਭਾਰਤ ਦੀ ਚੁਣੌਤੀ ਖ਼ਤਮ ਹੋ ਗਈ ਹੈ।