ਤੇਜਸ਼ਦੀਪ ਿਸੰਘ ਅਜਨੌਦਾ
ਮੈਲਬਰਨ, 18 ਜੁਲਾਈ
ਆਸਟਰੇਲੀਆ ਦਾ ਵਿਕਟੋਰੀਆ ਰਾਜ ਅਨੁਮਾਨਿਤ ਖਰਚਿਆਂ ’ਚ ਵਾਧੇ ਕਾਰਨ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਤੋਂ ਹਟ ਗਿਆ ਹੈ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਪਿਛਲੇ ਸਾਲ ਬਹੁ-ਖੇਡ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਲਈ ਸਹਿਮਤ ਹੋ ਗਈ ਸੀ ‘ਪਰ ਕਿਸੇ ਵੀ ਕੀਮਤ ’ਤੇ ਨਹੀਂ।’ ਐਂਡਰਿਊਜ਼ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸ਼ੁਰੂ ਵਿੱਚ ਪੰਜ ਸ਼ਹਿਰਾਂ ਵਿੱਚ ਖੇਡਾਂ ਦੀ ਮੇਜ਼ਬਾਨੀ ਲਈ ਦੋ ਅਰਬ 60 ਕਰੋੜ ਆਸਟਰੇਲਿਆਈ ਡਾਲਰ (1 ਅਰਬ 80 ਕਰੋੜ ਅਮਰੀਕੀ ਡਾਲਰ) ਦਾ ਬਜਟ ਰੱਖਿਆ ਸੀ ਪਰ ਹਾਲ ਹੀ ਦੇ ਅਨੁਮਾਨਾਂ ਅਨੁਸਾਰ ਸੰਭਾਵੀ ਲਾਗਤ ਸੱਤ ਅਰਬ ਆਸਟਰੇਲਿਆਈ ਡਾਲਰ (ਚਾਰ ਅਰਬ 80 ਕਰੋੜ ਅਮਰੀਕੀ ਡਾਲਰ) ਤੱਕ ਪਹੁੰਚ ਗਈ ਹੈ। ਐਂਡਰਿਊਜ਼ ਨੇ ਦੱਸਿਆ ਕਿ ਉਨ੍ਹਾਂ ਨੇ ਰਾਸ਼ਟਰਮੰਡਲ ਖੇਡਾਂ ਦੇ ਪ੍ਰਬੰਧਕਾਂ ਨੂੰ ਮੇਜ਼ਬਾਨੀ ਦੇ ਇਕਰਾਰਨਾਮੇ ਤੋਂ ਹਟਣ ਦੇ ਫ਼ੈਸਲੇ ਬਾਰੇ ਜਾਣਕਾਰੀ ਦੇ ਦਿੱਤੀ ਹੈ। ਐਂਡਰਿਊਜ਼ ਨੇ ਕਿਹਾ, ‘‘ਅੱਜ ਦਾ ਸਮਾਂ ਉਨ੍ਹਾਂ ਖਰਚਿਆਂ ਦੇ ਅਨੁਮਾਨਾਂ ਵਿੱਚ ਗਲਤੀਆਂ ਲੱਭਣ ਬਾਰੇ ਨਹੀਂ ਹੈ। 12 ਰੋਜ਼ਾ ਖੇਡ ਸਮਾਗਮ ਲਈ ਛੇ ਤੋਂ ਸੱਤ ਅਰਬ ਆਸਟਰੇਲਿਆਈ ਡਾਲਰ ਦਾ ਖਰਚਾ। ਅਸੀਂ ਇੰਨਾ ਪੈਸਾ ਨਹੀਂ ਖ਼ਰਚ ਰਹੇ। ਇਸ ਪੈਸੇ ਨੂੰ ਖਰਚਣ ਦਾ ਕੋਈ ਮਤਲਬ ਨਹੀਂ ਹੈ। ਇਹ ਸਿਰਫ ਖਰਚਾ ਹੈ। ਇਸ ਵਿੱਚ ਕੋਈ ਲਾਭ ਨਹੀਂ ਹੈ।’’ ਰਾਸ਼ਟਰਮੰਡਲ ਖੇਡ ਮਹਾਸੰਘ (ਸੀਜੀਐਫ) ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਇਸ ਦੇ ਬਦਲ ਬਾਰੇ ਸਲਾਹ ਮੰਗ ਰਹੇ ਹਨ।