ਨਵੀਂ ਦਿੱਲੀ, 13 ਫਰਵਰੀ
ਭਾਰਤ ਦੇ ਸਭ ਤੋਂ ਬਜ਼ੁਰਗ ਟੈਸਟ ਕ੍ਰਿਕਟਰ ਅਤੇ ਸਾਬਕਾ ਕਪਤਾਨ ਦੱਤਾਜੀਰਾਓ ਗਾਇਕਵਾੜ ਦਾ ਅੱਜ ਉਮਰ ਸਬੰਧੀ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਹ ਭਾਰਤ ਦੇ ਸਾਬਕਾ ਓਪਨਿੰਗ ਬੱਲੇਬਾਜ਼ ਅਤੇ ਕੌਮੀ ਕੋਚ ਅੰਸ਼ੁਮਨ ਗਾਇਕਵਾੜ ਦੇ ਪਿਤਾ ਸਨ। ਉਹ 95 ਸਾਲ ਦੇ ਸਨ। ਉਨ੍ਹਾਂ ਨੇ 12 ਦਿਨਾਂ ਤੋਂ ਬੜੌਦਾ ਦੇ ਹਸਪਤਾਲ ਦੇ ਆਈਸੀਯੂ (ਇੰਟੈਂਸਿਵ ਕੇਅਰ ਯੂਨਿਟ) ਵਿੱਚ ਜ਼ਿੰਦਗੀ ਨਾਲ ਜੂਝਣ ਤੋਂ ਬਾਅਦ ਅੱਜ ਸਵੇਰੇ ਆਖਰੀ ਸਾਹ ਲਿਆ। ਉਨ੍ਹਾਂ ਨੇ 1952 ਤੋਂ 1961 ਦਰਮਿਆਨ ਭਾਰਤ ਲਈ 11 ਟੈਸਟ ਖੇਡੇ। 1959 ਵਿੱਚ ਇੰਗਲੈਂਡ ਦੌਰੇ ‘ਤੇ ਕੌਮੀ ਟੀਮ ਦੀ ਕਪਤਾਨੀ ਵੀ ਕੀਤੀ ਸੀ। ਸੱਜੇ ਹੱਥ ਦੇ ਇਸ ਬੱਲੇਬਾਜ਼ ਨੇ 1952 ਵਿੱਚ ਲੀਡਜ਼ ਵਿੱਚ ਇੰਗਲੈਂਡ ਦੇ ਖਿਲਾਫ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਨ੍ਹਾਂ ਦਾ ਆਖਰੀ ਅੰਤਰਰਾਸ਼ਟਰੀ ਮੈਚ 1961 ਵਿੱਚ ਚੇਨਈ ਵਿਖੇ ਪਾਕਿਸਤਾਨ ਦੇ ਖਿਲਾਫ ਸੀ।