ਪੁਣੇ: ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਾਲੇ ਭਲਕੇ ਮੰਗਲਵਾਰ ਤੋਂ ਪੁਣੇ ਵਿੱਚ ਇੱਕ ਰੋਜ਼ਾ ਮੈਚਾਂ ਦੀ ਲੜੀ ਸ਼ੁਰੂ ਹੋ ਰਹੀ ਹੈ। ਟੈਸਟ ਅਤੇ ਟੀ-20 ਲੜੀ ਦੇ ਪਹਿਲੇ ਮੈਚ ਹਾਰਨ ਮਗਰੋਂ ਵਾਪਸੀ ਕਰਨ ਵਾਲੀ ਭਾਰਤੀ ਟੀਮ ਇੱਕ ਰੋਜ਼ਾ ਮੈਚਾਂ ਦੀ ਲੜੀ ਵਿੱਚ ਜਿੱਤ ਨਾਲ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗੀ। ਭਾਰਤ ਕੋਲ ਸਲਾਮੀ ਬੱਲੇਬਾਜ਼ਾਂ ਲਈ ਰੋਹਿਤ ਸ਼ਰਮਾ, ਸ਼ਿਖਰ ਧਵਨ, ਸ਼ੁਭਮਨ ਗਿੱਲ, ਪ੍ਰਿਥਵੀ ਸ਼ਾਅ ਤੇ ਦੇਵਦੱਤ ਪਡੀਕਲ ਦੇ ਰੂਪ ਵਿੱਚ ਕਈ ਬਦਲ ਮੌਜੂਦ ਹਨ ਪਰ ਪਹਿਲੇ ਮੈਚ ਵਿੱਚ ਰੋਹਿਤ ਅਤੇ ਧਵਨ ਪਾਰੀ ਦੀ ਸ਼ੁਰੂਆਤ ਕਰ ਸਕਦੇ ਹਨ। ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖ਼ਿਲਾਫ਼ ਟੀ-20 ਲੜੀ ਵਿੱਚ ਚੰਗੀਆਂ ਪਾਰੀਆਂ ਖੇਡੀਆਂ ਅਤੇ ਇੱਕ ਰੋਜ਼ਾ ਮੈਚਾਂ ਵਿੱਚ ਵੀ ਉਹ ਵੱਡੀਆਂ ਪਾਰੀਆਂ ਖੇਡਣ ਦੀ ਕੋਸ਼ਿਸ਼ ਕਰੇਗਾ। ਇਸ ਤੋਂ ਇਲਾਵਾ ਵਿਕਟ ਕੀਪਰ ਕੇ.ਐੱਲ ਰਾਹੁਲ ਅਤੇ ਰਿਸ਼ਭ ਪੰਤ ਦੋਵਾਂ ਦੀ ਟੀਮ ਵਿੱਚ ਜਗ੍ਹਾ ਬਣ ਸਕਦੀ ਹੈ। ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਗੇਂਦਬਾਜ਼ੀ ਵਿਭਾਗ ਦੀ ਅਗਵਾਈ ਕਰੇਗਾ। ਉਸ ਦੇ ਨਾਲ ਸ਼ਰਦੁਲ ਠਾਕੁਰ ਨੂੰ ਨਵੀਂ ਗੇਂਦ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਕ੍ਰਿਸ਼ਨਾ ਵੀ ਟੀਮ ਵਿੱਚ ਹਨ। ਸਪਿੰਨ ਵਿਭਾਗ ਵਿੱਚ ਯੁਜ਼ਵੇਂਦਰ ਚਹਿਲ ਅਤੇ ਵਾਸ਼ਿੰਗਟਨ ਸੁੰਦਰ ਨੂੰ ਕਰੁਨਾਲ ਪਾਂਡਿਆ ਅਤੇ ਕੁਲਦੀਪ ਯਾਦਵ ਤੋਂ ਪਹਿਲਾਂ ਜਗ੍ਹਾ ਮਿਲ ਸਕਦੀ ਹੈ। -ਪੀਟੀਆਈ
ਕੋਹਲੀ ਵੱਲੋਂ ‘ਅੰਪਾਇਰਜ਼ ਕਾਲ’ ਦੀ ਨਿਖੇਧੀ
ਪੁਣੇ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਅੱਜ ਡੀਆਰਐੱਸ (ਡਿਸੀਜ਼ਨ ਰੀਵਿਊ ਸਿਸਟਮ) ਵਿੱਚ ਅੰਪਾਇਰਜ਼ ਕਾਲ (ਮੈਦਾਨੀ ਅੰਪਾਇਰ ਦੇ ਫ਼ੈਸਲੇ ਨੂੰ ਬਰਕਰਾਰ ਰੱਖਣਾ) ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਨਾਲ ਬਹੁਤ ਉਲਝਣ ਪੈਦਾ ਹੁੰਦੀ ਹੈ। ਐੱਲਬੀਡਬਲਯੂ ਆਊਟ ਹੋਣ ਦਾ ਫ਼ੈਸਲਾ ਗੇਂਦ ਦੇ ਵਿਕਟਾਂ ਨਾਲ ਟਕਰਾਉਣ ’ਤੇ ਆਧਾਰਿਤ ਹੋਣਾ ਚਾਹੀਦਾ ਹੈ, ਭਾਵੇਂ ਉਹ ਮਾਮੂਲੀ ਰੂਪ ’ਚ ਟਕਰਾਏ। ਵਿਰਾਟ ਕੋਹਲੀ ਨੇ ਕਿਹਾ, ‘ਮੈਂ ਡੀਆਰਐੱਸ ਤੋਂ ਬਿਨਾਂ ਲੰਮੇ ਸਮੇਂ ਤਕ ਖੇਡਿਆ ਹਾਂ। ਉਸ ਸਮੇਂ ਅੰਪਾਇਰ ਜੇ ਕੋਈ ਫ਼ੈਸਲਾ ਦਿੰਦਾ ਸੀ ਤਾਂ ਉਹ ਬੱਲੇਬਾਜ਼ ਨੂੰ ਮੰਨਣਾ ਪੈਂਦਾ ਸੀ। ਮੇਰੇ ਮੁਤਾਬਕ ‘ਅੰਪਾਇਰਜ਼ ਕਾਲ’ ਨਾਲ ਹੁਣ ਉਲਝਣ ਪੈਦਾ ਹੋ ਰਹੀ ਹੈ।’ -ਪੀਟੀਆਈ