ਸੈਂਚੁਰੀਅਨ: ਭਾਰਤ ਲਈ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਟੈਸਟ ਮੈਚਾਂ ਦੀ ਕ੍ਰਿਕਟ ਲੜੀ ਜਿੱਤਣ ਲਈ ਐਤਵਾਰ ਨੂੰ ਇੱਥੇ ‘ਬਾਕਸਿੰਗ ਡੇਅ’ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਮੈਚ ਦੌਰਾਨ ਟੀਮ ਵਿੱਚ ਤਾਲਮੇਲ ਬਿਠਾਉਣਾ ਚੁਣੌਤੀ ਹੋਵੇਗੀ। ਕਪਤਾਨ ਵਿਰਾਟ ਕੋਹਲੀ ਲਈ ਟੀਮ ਕ੍ਰਮ ਦੇ ਪੰਜਵੇਂ ਨੰਬਰ ਦੇ ਬੱਲੇਬਾਜ਼ ਵਜੋਂ ਸ਼੍ਰੇਅਸ ਅਈਅਰ ਅਤੇ ਅਜਿੰਕਿਆ ਰਹਾਣੇ ਵਿੱਚੋਂ ਕਿਸੇ ਇੱਕ ਨੂੰ ਮੌਕਾ ਦੇਣਾ ਸੌਖਾ ਨਹੀਂ। ਪੰਜਵੇਂ ਗੇਂਦਬਾਜ਼ ਵਜੋਂ ਸ਼ਰਦੁਲ ਜਾਂ ਇਸ਼ਾਂਤ ਸ਼ਰਮਾ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਵੀ ਕੋਹਲੀ ਨੂੰ ਖ਼ਾਸੀ ਮਗਜ਼-ਖਪਾਈ ਕਰਨੀ ਹੋਵੇਗੀ। ਭਾਰਤ ਨੇ ਦੱਖਣੀ ਅਫਰੀਕਾ ਦਾ ਪਹਿਲਾ ਦੌਰਾ 1992 ਵਿੱਚ ਕੀਤਾ ਸੀ, ਪਰ ਉਹ ਅਜੇ ਤੱਕ ਇੱਥੇ ਟੈਸਟ ਲੜੀ ਨਹੀਂ ਜਿੱਤ ਸਕਿਆ। ਦੱਖਣੀ ਅਫਰੀਕਾ ਹੁਣ ਪਹਿਲਾਂ ਵਾਂਗ ਕੌਮਾਂਤਰੀ ਕ੍ਰਿਕਟ ਦੀ ਮਜ਼ਬੂਤ ਟੀਮ ਨਹੀਂ ਰਹੀ ਕਿਉਂਕਿ ਪਿਛਲੇ ਕੁੱਝ ਸਾਲਾਂ ਵਿੱਚ ਉਹ ਬਦਲਾਅ ਦੇ ਦੌਰ ਵਿੱਚ ਲੰਘ ਰਹੀ ਹੈ। ਇਸ ਦੇ ਮੱਦੇਨਜ਼ਰ ਕੋਹਲੀ ਅਤੇ ਉਸ ਦੀ ਟੀਮ ਲਈ ਇਹ ਬਿਹਤਰੀਨ ਮੌਕਾ ਮੰਨਿਆ ਜਾ ਰਿਹਾ ਹੈ। -ਪੀਟੀਆਈ