ਪੱਤਰ ਪੇ੍ਰਕ
ਮੁੱਲਾਂਪੁਰ ਗਰੀਬਦਾਸ, 5 ਫਰਵਰੀ
ਪਿੰਡ ਜੈਯੰਤੀ ਮਾਜਰੀ ਵਿਖੇ ਛਿੰਝ ਕਮੇਟੀ ਵੱਲੋਂ ਮਾਤਾ ਦੇ ਮੇਲੇ ਮੌਕੇ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਪ੍ਰਧਾਨ ਦੇਸਰਾਜ, ਬਲਵਿੰਦਰ ਸਿੰਘ ਸੋਨੀ, ਚੌਧਰੀ ਬਲਵਿੰਦਰ ਸਿੰਘ, ਭਾਗ ਚੰਦ ਸਰਪੰਚ ਆਦਿ ਪਤਵੰਤੇ ਸੱਜਣਾਂ ਨੇ ਕੁਸ਼ਤੀ ਦੰਗਲ ਦਾ ਉਦਘਾਟਨ ਕੀਤਾ। ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਸੋਨੀ ਤੇ ਬਲਵਿੰਦਰ ਚੌਧਰੀ ਭਰਾਵਾਂ ਜੱਸੀ, ਸੁੱਚਾ ਆਦਿ ਵੱਲੋਂ ਰਲ ਮਿਲ ਕੇ ਸਵਾ ਚਾਰ ਲੱਖ ਰੁਪਏ ਦੀ ਆਲਟੋ ਗੱਡੀ ਵੱਡੀ ਝੰਡੀ ਦਾ ਇਨਾਮ ਰੱਖਿਆ ਗਿਆ, ਜਿਸ ਦਾ ਮੁਕਾਬਲਾ ਪਹਿਲਵਾਨ ਉਮੇਸ਼ ਮੱਥਰਾ ਹਰਿਆਣਾ ਤੇ ਮੋਨੂੰ ਦਿੱਲੀ ਵਿਚਕਾਰ ਕਰੀਬ 25 ਮਿੰਟ ਹੋਇਆ,ਪਰ ਕੋਈ ਨਤੀਜਾ ਨਾ ਆਉਣ ਮਗਰੋਂ ਪ੍ਰਬੰਧਕਾਂ ਵੱਲੋਂ ਦੋਨਾਂ ਪਹਿਲਵਾਨਾਂ ਨੂੰ ਬਰਾਬਰ ਕਰਾਰ ਦਿੰਦਿਆਂ ਆਲਟੋ ਗੱਡੀ ਦਾ ਇਨਾਮ ਵੰਡਿਆ ਗਿਆ। ਦੂਜੀ ਝੰਡੀ ਵਾਲੀ ਕੁਸ਼ਤੀ ਵਿੱਚ ਪ੍ਰਦੀਪ ਜੀਰਕਪੁਰ ਤੇ ਮੋਨੂੰ ਦਹੀਆ ਵਿਚਕਾਰ ਵੀ 20 ਮਿੰਟ ਮਗਰੋਂ ਮੁਕਾਬਲਾ ਬਰਾਬਰ ਰਿਹਾ। ਪਹਿਲਵਾਨ ਕਰਨ ਡੂੰਮਛੇੜੀ ਨੇ ਵਿਸ਼ਾਲ ਖੰਨਾ ਨੂੰ, ਦਿਨੇਸ਼ ਕੰਸਾਲਾ ਨੇ ਵਿਕਾਸ ਦਿੱਲੀ ਨੂੰ, ਰਵੀ ਚੰਡੀਗੜ੍ਹ ਨੇ ਰਾਹੁਲ ਕੰਸਾਲਾ ਨੂੰ, ਕਰਮਾ ਗੁੱਜਰ ਨੇ ਰਵੀ ਖੈਰਾ ਨੂੰ ਚਿੱਤ ਕੀਤਾ। ਜਦ ਕਿ ਮੱਖਣ ਰਾਜਾ ਅਖਾੜਾ ਚੰਡੀਗੜ੍ਹ ਤੇ ਰੋਹਿਤ ਬਾਬਾ ਫਲਾਹੀ, ਦੀਪਾ ਮੁੱਲਾਂਪੁਰ ਗਰੀਬਦਾਸ ਤੇ ਬੌਬੀ ਖੰਨਾ ਬਰਾਬਰ ਰਹੇ।