ਟੋਕੀਓ, 26 ਜੁਲਾਈ
ਟੋਕੀਓ ਵਿੱਚ ਅੱਜ ਤੀਜੇ ਦਿਨ ਆਪਣਾ ਪਲੇਠਾ ਓਲੰਪਿਕ ਖੇਡ ਰਹੀ ਤਲਵਾਰਬਾਜ਼ ਭਵਾਨੀ ਦੇਵੀ ਨੇ ਜਿੱਥੇ ਆਪਣੀ ਪ੍ਰਤਿਭਾ ਦਾ ਉਮਦਾ ਨਮੂਨਾ ਪੇਸ਼ ਕਰਕੇ ਇਤਿਹਾਸ ਸਿਰਜਿਆ, ਉਥੇ ਟੇਬਲ ਟੈਨਿਸ ਵਿੱਚ ਅਚੰਤ ਸ਼ਰਤ ਕਮਲ ਆਪਣੇ ਤਜਰਬੇ ਦੇ ਦਮ ’ਤੇ ਅਗਲੇ ਗੇੜ ਵਿੱਚ ਦਾਖ਼ਲ ਹੋ ਗਏ। ਨਿਸ਼ਾਨੇਬਾਜ਼ੀ, ਤੀਰਅੰਦਾਜ਼ੀ, ਮਹਿਲਾ ਹਾਕੀ, ਬੈਡਮਿੰਟਨ ਤੇ ਮੁੱਕੇਬਾਜ਼ੀ ਵਿੱਚ ਭਾਰਤ ਦੇ ਹੱਥ ਨਿਰਾਸ਼ਾ ਹੀ ਲੱਗੀ।
ਤਲਵਾਰਬਾਜ਼ੀ: ਤਲਵਾਰਬਾਜ਼ੀ ਵਿੱਚ ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਭਵਾਨੀ ਦੇਵੀ ਨੇ ਆਤਮਵਿਸ਼ਵਾਸ ਨਾਲ ਲਬਰੇਜ ਸ਼ੁਰੂਆਤ ਕਰਕੇ ਸੌਖਿਆਂ ਹੀ ਪਹਿਲਾ ਮੁਕਾਬਲਾ ਜਿੱਤ ਲਿਆ, ਪਰ ਦੂਜੇ ਮੈਚ ਵਿੱਚ ਚੌਥਾ ਦਰਜਾ ਪ੍ਰਾਪਤ ਮੈਨਨ ਬਰੂਨੇਟ ਤੋਂ ਹਾਰ ਕੇ ਬਾਹਰ ਹੋ ਗਈ। ਭਵਾਨੀ ਦੇਵੀ ਨੂੰ ਮਹਿਲਾਵਾਂ ਦੇ ਵਿਅਕਤੀਗਤ ਸਾਬਰੇ ਦੇ ਦੂਜੇ ਮੈਚ ਵਿੱਚ ਰੀਓ ਓਲੰਪਿਕ ਦੇ ਸੈਮੀ ਫਾਈਨਲ ਵਿਚ ਥਾਂ ਬਣਾਉਣ ਵਾਲੀ ਬਰੂਨੇਟ ਨੇ 15-7 ਦੀ ਸ਼ਿਕਸਤ ਦਿੱਤੀ। ਭਵਾਨੀ ਨੇ ਆਪਣੇ ਪਹਿਲੇ ਮੈਚ ਵਿੱਚ ਟਿਊਨੀਸ਼ੀਆ ਦੀ ਨਾਦੀਆ ਬੇਨ ਅਜੀਜੀ ਨੂੰ 15-3 ਨਾਲ ਹਰਾਇਆ ਸੀ।
ਨਿਸ਼ਾਨੇਬਾਜ਼ੀ: ਭਾਰਤੀ ਨਿਸ਼ਾਨੇਬਾਜ਼ਾਂ ਦੀ ਝੋਲੀ ਅੱਜ ਫਿਰ ਖਾਲੀ ਰਹੀ। ਅੰਗਦ ਵੀਰ ਸਿੰਘ ਬਾਜਵਾ ਪੁਰਸ਼ ਸਕੀਟ ਮੁਕਾਬਲੇ ਵਿੱਚ 18ਵੇਂ ਜਦੋਂਕਿ ਮੈਰਾਜ ਅਹਿਮਦ ਖ਼ਾਨ 25ਵੇਂ ਸਥਾਨ ’ਤੇ ਰਿਹਾ। ਅੰਗਦ ਨੇ ਪੰਜ ਸੀਰੀਜ਼ ਵਿੱਚ ਸੰਭਾਵੀ 125 ਵਿਚੋਂ 120 ਅੰਕ ਬਣਾਏ ਜਦੋਂਕਿ ਮੈਰਾਜ ਸਿਰਫ਼ 117 ਅੰਕ ਹੀ ਬਣਾ ਸਕਿਆ। ਸਕੀਟ ਵਿੱਚ ਸਿਖਰਲੇ 6 ਨਿਸ਼ਾਨੇਬਾਜ਼ ਫਾਈਨਲਜ਼ ਲਈ ਕੁਆਲੀਫਾਈ ਕਰਦੇ ਹਨ। ਭਾਰਤ ਦੀ ਤਗ਼ਮੇ ਦੀਆਂ ਆਸਾਂ ਹੁਣ ਮਿਕਸਡ ਡਬਲਜ਼ ਮੁਕਾਬਲੇ ’ਤੇ ਰਹਿਣਗੀਆਂ ਜਿਸ ਵਿੱਚ ਦਸ ਮੀਟਰ ਏਅਰ ਪਿਸਟਲ ਵਿੱਚ ਸੌਰਭ ਚੌਧਰੀ ਤੇ ਮਨੂ ਭਾਕਰ ਉਤਰਨਗੇ, ਜਿਨ੍ਹਾਂ ਨੇ ਹਾਲੀਆ ਸਾਲਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਅਭਿਸ਼ੇਕ ਵਰਮਾ ਤੇ ਯਸ਼ਸਵਿਨੀ ਸਿੰਘ ਦੇਸਵਾਲ ਵੀ ਭਾਰਤੀ ਚੁਣੌਤੀ ਪੇਸ਼ ਕਰਨਗੇ। ਦਿਵਿਆਂਸ਼ ਸਿੰਘ ਪੰਵਾਰ ਤੇ ਇਲਾਵੇਨਿਲ ਵਾਲਾਰਿਵਨ ਦਸ ਮੀਟਰ ਮਿਕਸਡ ਡਬਲਜ਼ ਮੁਕਾਬਲੇ ਵਿੱਚ ਉਤਰਨਗੇ। ਇਸੇ ਵਰਗ ਵਿੱਚ ਦੀਪਕ ਕੁਮਾਰ ਤੇ ਅੰਜੁਮ ਮੁਦਗਿਲ ਵੀ ਭਾਰਤੀ ਚੁਣੌਤੀ ਪੇਸ਼ ਕਰਨਗੇ।
ਟੇਬਲ ਟੈਨਿਸ: ਆਪਣਾ ਚੌਥਾ ਓਲੰਪਿਕ ਖੇਡ ਰਹੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੇ ਪੁਰਸ਼ ਸਿੰਗਲਜ਼ ਦੇ ਤੀਜੇ ਦੌਰ ਵਿੱਚ ਦਾਖ਼ਲ ਹੋ ਕੇ ਭਾਰਤੀ ਆਸਾਂ ਨੂੰ ਕਾਇਮ ਰੱਖਿਆ ਹੈ ਕਿਉਂਕਿ ਮਹਿਲਾ ਸਿੰਗਲਜ਼ ਵਿੱਚ ਮਨਿਕਾ ਬੱਤਰਾ ਤੇ ਸੁਤੀਰਥਾ ਮੁਖਰਜੀ ਆਪੋ-ਆਪਣੇ ਮੁਕਾਬਲੇ ਸਿੱਧੇ ਗੇਮਾਂ ਵਿੱਚ ਹਾਰ ਕੇ ਬਾਹਰ ਹੋ ਗਈਆਂ। ਸ਼ਰਤ ਕਮਲ ਨੇ 49 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਪੁਰਤਗਾਲ ਦੇ 20ਵਾਂ ਦਰਜਾ ਪ੍ਰਾਪਤ ਟਿਆਗੋ ਅਪੋਲੋਨੀਆ ਖ਼ਿਲਾਫ਼ 4-2 ਨਾਲ ਜਿੱਤ ਦਰਜ ਕੀਤੀ।
ਤੀਰਅੰਦਾਜ਼ੀ: ਤੀਰਅੰਦਾਜ਼ੀ ਵਿੱਚ ਅਤਨੂ ਦਾਸ, ਪ੍ਰਵੀਨ ਜਾਧਵ ਤੇ ਤਰੁਣਦੀਪ ਰਾਏ ਦੀ ਭਾਰਤੀ ਪੁਰਸ਼ ਟੀਮ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਮਜ਼ਬੂਤ ਟੀਮ ਤੋਂ 6-0 ਨਾਲ ਹਾਰ ਕੇ ਮੁਕਾਬਲੇ ’ਚੋਂ ਬਾਹਰ ਹੋ ਗਈ। ਭਾਰਤੀ ਤਿੱਕੜੀ ਨੇ ਕਜ਼ਾਖ਼ਿਸਤਾਨ ਨੂੰ 6-2 ਨਾਲ ਹਰਾ ਕੇ ਦਿਨ ਦੀ ਚੰਗੀ ਸ਼ੁਰੂਆਤ ਕੀਤੀ ਸੀ।
ਤੈਰਾਕੀ: ਤੈਰਾਕੀ ਵਿੱਚ ਸਾਜਨ ਪ੍ਰਕਾਸ਼ ਪੁਰਸ਼ 200 ਮੀਟਰ ਬਟਰਫਲਾਈ ਮੁਕਾਬਲੇ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਨਾਕਾਮ ਰਿਹਾ। ਸਾਜਨ ਵੀਰਵਾਰ ਨੂੰ 100 ਮੀਟਰ ਬਟਰਫਲਾਈ ਵਿੱਚ ਚੁਣੌਤੀ ਪੇਸ਼ ਕਰੇਗਾ।
ਮੁੱਕੇਬਾਜ਼ੀ: ਮੁੱਕੇਬਾਜ਼ੀ ਵਿੱਚ ਆਸ਼ੀਸ਼ ਚੌਧਰੀ (75 ਕਿਲੋ), ਜੋ ਆਪਣਾ ਪਲੇਠਾ ਓਲੰਪਿਕ ਖੇਡ ਰਿਹਾ ਹੈ, ਨੂੰ ਚੀਨ ਦੇ ਏਰਬੀਕੇ ਤੁਹੇਤਾ ਖ਼ਿਲਾਫ਼ ਪਹਿਲੇ ਦੌਰ ਦੇ ਮੁਕਾਬਲੇ ਵਿੱਚ ਲੱਚਰ ਸ਼ੁਰੂਆਤ ਦਾ ਖਮਿਆਜ਼ਾ ਭੁਗਤਨਾ ਪਿਆ। ਚੌਧਰੀ ਦਾ 0-5 ਦੀ ਹਾਰ ਨਾਲ ਟੋਕੀਓ ਓਲੰਪਿਕ ਦਾ ਸਫ਼ਰ ਖ਼ਤਮ ਹੋ ਗਿਆ।
ਟੈਨਿਸ: ਟੈਨਿਸ ਵਿੱਚ ਸੁਮਿਤ ਨਾਗਲ ਪੁਰਸ਼ ਸਿੰਗਲਜ਼ ਦੇ ਦੂਜੇ ਦੌਰ ਵਿੱਚ ਰੂਸ ਓਲੰਪਿਕ ਕਮੇਟੀ (ਆਰਓਸੀ) ਦੀ ਨੁਮਾਇੰਦਗੀ ਕਰ ਰਹੇ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਦਾਨਿਲ ਮੈਦਵੇਦੇਵ ਖ਼ਿਲਾਫ਼ ਸਿੱਧੇ ਸੈੱਟਾਂ ਵਿੱਚ 6-1, 6-2 ਦੀ ਸ਼ਿਕਸਤ ਨਾਲ ਟੋਕੀਓ ਓਲੰਪਿਕ ’ਚੋਂ ਬਾਹਰ ਹੋ ਗਿਆ। ਟੈਨਿਸ ਵਿੱਚ ਹੁਣ ਭਾਰਤੀ ਚੁਣੌਤੀ ਖ਼ਤਮ ਹੋ ਗਈ ਹੈ ਕਿਉਂਕਿ ਮਹਿਲਾਵਾਂ ਦੇ ਡਬਲਜ਼ ਵਰਗ ਵਿੱਚ ਸਾਨੀਆ ਮਿਰਜ਼ਾ ਤੇ ਉਸ ਦੀ ਜੋੜੀਦਾਰ ਅੰਕਿਤਾ ਰੈਣਾ ਲੰਘੇ ਦਿਨ ਪਹਿਲੇ ਗੇੜ ਦਾ ਮੈਚ ਹਾਰ ਕੇ ਬਾਹਰ ਹੋ ਗਏ ਸਨ।
ਬੈਡਮਿੰਟਨ: ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਜੋੜੀ ਨੂੰ ਪੁਰਸ਼ ਡਬਲਜ਼ ਦੇ ਗਰੁੱਪ ਏ ਵਿੱਚ ਇੰਡੋਨੇਸ਼ੀਆ ਦੇ ਮਾਰਕਸ ਫਰਨਾਲਡੀ ਗਿਡਿਯੋਨ ਤੇ ਕੈਵਿਨ ਸੁਕਾਮੁਲਜੋ ਦੀ ਜੋੜੀ ਤੋਂ ਸਿੱਧੇ ਗੇਮ ਵਿੱਚ ਹਾਰ ਝੱਲਣੀ ਪਈ। -ਪੀਟੀਆਈ
ਸਾਨੂੰ ਤੁਹਾਡੇ ਯੋਗਦਾਨ ’ਤੇ ਮਾਣ: ਮੋਦੀ
ਟੋਕੀਓ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਓਲੰਪਿਕ ਵਿੱਚ ਦੂਜੇ ਦੌਰ ਦੇ ਮੁਕਾਬਲੇ ਤੋਂ ਬਾਹਰ ਹੋਣ ਦੇ ਬਾਵਜੂੁਦ ਇਤਿਹਾਸ ਰਚਣ ਵਾਲੀ ਭਾਰਤੀ ਤਲਵਾਰਬਾਜ਼ ਸੀ.ਏ.ਭਵਾਨੀ ਦੇਵੀ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਦੇਸ਼ ਨੂੰ ਉਨ੍ਹਾਂ ਦੇ ਯੋਗਦਾਨ ’ਤੇ ਮਾਣ ਹੈ। ਸ੍ਰੀ ਮੋਦੀ ਨੇ ਭਵਾਨੀ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਕਿਹਾ, ‘‘ਤੁਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕੀਤਾ ਤੇ ਇਹੀ ਮਾਇਨੇ ਰੱਖਦਾ ਹੈ। ਹਾਰ ਤੇ ਜਿੱਤ ਜੀਵਨ ਦਾ ਅੰਗ ਹੈ। ਭਾਰਤ ਨੂੰ ਤੁਹਾਡੇ ਯੋਗਦਾਨ ’ਤੇ ਮਾਣ ਹੈ। ਤੁਸੀਂ ਸਾਡੇ ਨਾਗਰਿਕਾਂ ਲਈ ਪ੍ਰੇਰਨਾਸਰੋਤ ਹੋ।’’
ਭਾਰਤ ਦੇ ਅੱਜ ਦੇ ਮੁਕਾਬਲੇ
ਹਾਕੀ
• ਸਵੇਰੇ 6:30 ਵਜੇ ਭਾਰਤ ਬਨਾਮ ਸਪੇਨ (ਪੁਰਸ਼)
ਟੇਬਲ ਟੈਨਿਸ
• ਸਵੇਰੇ 8:30 ਵਜੇ ਅਚੰਤਾ ਸ਼ਰਤ ਕਮਲ ਬਨਾਮ ਮਾ ਲੌਂਗ (ਚੀਨ), ਪੁਰਸ਼ ਸਿੰਗਲਜ਼ ਤੀਜਾ ਦੌਰ
ਮੁੱਕੇਬਾਜ਼ੀ
• ਸਵੇਰੇ 10:57 ਵਜੇ ਲਵਲੀਨਾ ਬੋਰਗੋਹੇਨ ਬਨਾਮ ਏਪੇਟਜ਼ ਨੇਦਿਨ
ਨਿਸ਼ਾਨੇਬਾਜ਼ੀ
• ਸਵੇਰੇ 5:30 ਵਜੇ 10 ਮੀਟਰ ਏਅਰ ਪਿਸਟਲ ਸੌਰਭ ਚੌਧਰੀ ਤੇ ਮਨੂ ਭਾਕਰ, ਯਸ਼ਸਵਿਨੀ ਦੇਸਵਾਲ ਤੇ ਅਭਿਸ਼ੇਕ ਵਰਮਾ
• ਸਵੇਰੇ 9:45 ਵਜੇ ਇਲਾਵੇਨਿਲ ਵਾਲਾਰਿਵਨ ਤੇ ਦਿਵਿਆਂਸ਼ ਸਿੰਘ ਪੰਵਾਰ, ਅੰਜੁਮ ਮੁਦਗਿੱਲ ਤੇ ਦੀਪਕ ਕੁਮਾਰ