ਦੁਬਈ: ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਵੈਸਟਇੰਡੀਜ਼ ਵਿਚ 2022 ਵਿੱਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਦੇ ਕੁਆਲੀਫਿਕੇਸ਼ਨ ਮੁਕਾਬਲਿਆਂ ਬਾਰੇ ਪਹਿਲਾਂ ਤੋਂ ਨਿਰਧਾਰਿਤ ਪ੍ਰੋਗਰਾਮ ਦਾ ਅੱਜ ਐਲਾਨ ਕੀਤਾ ਹੈ। ਇਸ ਤਹਿਤ ਪੰਜ ਸਥਾਨਾਂ ਲਈ 33 ਟੀਮਾਂ ਵਿਚ ਮੁਕਾਬਲਾ ਹੋਵੇਗਾ। ਪਿਛਲੇ ਵਿਸ਼ਵ ਕੱਪ (2020) ਦੀਆਂ ਚੋਟੀ ਦੀਆਂ 11 ਟੀਮਾਂ ਨੇ 2022 ਦੇ ਸ਼ੁਰੂ ਵਿਚ ਹੋਣ ਵਾਲੇ ਇਸ ਵਿਸ਼ਵ ਕੱਪ ਲਈ ਆਪਣੀ ਥਾਂ ਪੱਕੀ ਕਰ ਲਈ ਹੈ। ਇਨ੍ਹਾਂ ਵਿਚ ਭਾਰਤ, ਅਫ਼ਗਾਨਿਸਤਾਨ, ਆਸਟਰੇਲੀਆ, ਬੰਗਲਾਦੇਸ਼, ਇੰਗਲੈਂਡ, ਨਿਊਜ਼ੀਲੈਂਡ, ਪਾਕਿਸਤਾਨ, ਦੱਖਣੀ ਅਫ਼ਰੀਕਾ, ਸ੍ਰੀਲੰਕਾ, ਵੈਸਇੰਡੀਜ਼ ਅਤੇ ਜ਼ਿੰਬਾਬਵੇ ਸ਼ਾਮਲ ਹਨ। ਕੋਵਿਡ-19 ਕਾਰਨ ਇਸ ਟੂਰਨਮੈਂਟ ਦੇ ਕੁਆਲੀਫਾਈ ਮੁਕਾਬਲੇ ਇਕ ਸਾਲ ਦੀ ਦੇਰੀ ਨਾਲ ਹੋਣਗੇ। ਪੰਜ ਟੀਮਾਂ ਖੇਤਰੀ ਮੈਚਾਂ ਨਾਲ ਕੁਆਲੀਫਾਈ ਕਰਨਗੀਆਂ। ਪਹਿਲੀਆਂ 33 ਟੀਮਾਂ ਦੀ ਚੋਣ 7 ਖੇਤਰੀ ਮੁਕਾਬਲਿਆਂ ਬਾਅਦ ਹੋਵੇਗੀ। ਇਸ ਦੀ ਸ਼ੁਰੂਆਤ ਜੂਨ 2021 ਵਿਚ ਹੋਵੇਗੀ। ਏਸ਼ੀਆ ਅਤੇ ਅਫਰੀਕਾ ਖੇਤਰਾਂ ਦੀਆਂ ਟੀਮਾਂ ਦੀ ਗਿਣਤੀ ਵੱਧ ਹੋਣ ਦੇ ਕਾਰਨ ਕੁਆਲੀਫਿਕੇਸ਼ਨ ਮੁਕਾਬਲੇ ਦੋ ਪੱਧਰਾਂ ’ਤੇ ਹੋਣਗੇ। ਦੂਜੇ ਪਾਸੇ ਅਮਰੀਕਾ ਅਤੇ ਯੂਰੋਪ ਵਿਚ ਇੱਕ ਪੱਧਰ ਦੇ ਮੁਕਾਬਲੇ ਹੋਣਗੇ। ਇਸ ਕੁਆਲੀਫਿਕੇਸ਼ਨ ਪ੍ਰਕਿਰਿਆ ਦਾ ਨਾਂ ‘ਰੋਡ ਟੂ ਵੈਸਟਇੰਡੀਜ਼’ ਰੱਖਿਆ ਗਿਆ ਹੈ। ਇਸ ਦੀ ਸ਼ੁਰੂਆਤ ਤੰਜਾਨੀਆ ਵਿਚ ਅਫਰੀਕਾ ਡਿਵੀਜ਼ਨ ਦੋ ਨਾਲ ਜੂਨ 2021 ਵਿਚ ਹੋਵੇਗੀ। ਆਈਸੀਸੀ ਮੁਕਾਬਲਿਆਂ ਦੇ ਮੁਖੀ ਕ੍ਰਿਸ ਟੈਟਲੀ ਨਾ ਕਿਹਾ ਕਿ ਆਈਸੀਸੀ ਅੰਡਰ-19 ਵਿਸ਼ਵ ਕੱਪ ਵਿਚ ਖਿਡਾਰੀਆਂ ਤੋਂ ਭਵਿੱਖ ਦੇ ਸਿਤਾਰਿਆਂ ਦੀ ਝਲਕ ਪੈਂਦੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਵਿਚ ਵਿਸ਼ਵ ਦੇ ਵੱਡੇ ਖਿਡਾਰੀਆਂ ਨੇ ਭਾਗ ਲਿਆ ਹੈ। -ਪੀਟੀਆਈ