ਬਰਮਿੰਘਮ, 2 ਅਗਸਤ
ਭਾਰਤੀ ਲਾਅਨ ਬਾਲਜ਼ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿਚ ਅੱਜ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਤੇ ਪੂਰੇ ਦੇਸ਼ ਨੂੰ ਇਸ ਗੁਮਨਾਮ ਖੇਡ ਨੂੰ ਦੇਖਣ ਲਈ ਪ੍ਰੇਰਿਤ ਵੀ ਕੀਤਾ। ਭਾਰਤ ਦੀ ਲਵਲੀ ਚੌਬੇ (ਲੀਡ), ਪਿੰਕੀ (ਸੈਕਿੰਡ), ਨਯਨਮੋਨੀ ਸੈਕਿਆ (ਥਰਡ) ਤੇ ਰੂਪਾ ਰਾਨੀ ਟਿਰਕੀ (ਸਲਿਪ) ਦੀ ਚੌਕੜੀ ਨੇ ਦੱਖਣੀ ਅਫ਼ਰੀਕਾ ਨੂੰ ਫਾਈਨਲ ਵਿਚ 17-0 ਨਾਲ ਮਾਤ ਦਿੱਤੀ। ਖੇਡ ਦੇ ਮਹਿਲਾ ਫੋਰ ਮੁਕਾਬਲੇ ਵਿਚ ਭਾਰਤ ਪਹਿਲੀ ਵਾਰ ਉਤਰਿਆ ਸੀ। ਭਾਰਤੀ ਦਲ ਦਾ ਇਹ ਚੌਥਾ ਸੋਨ ਤਗਮਾ ਹੈ। ਵੇਟਲਿਫ਼ਟਿੰਗ ਤੋਂ ਇਲਾਵਾ ਕਿਸੇ ਮੁਕਾਬਲੇ ਵਿਚ ਇਹ ਪਹਿਲਾ ਸੋਨ ਤਗਮਾ ਵੀ ਹੈ। ਭਾਰਤੀ ਖਿਡਾਰੀਆਂ ਨੇ ਧੀਰਜ ਰੱਖਦਿਆਂ ਆਖ਼ਰੀ ਤਿੰਨ ਦੌਰ ਜਿੱਤੇ। ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿਚ ਅੱਜ ਇੱਥੇ ਲਾਅਨ ਬਾਲਜ਼ ਦੇ ਟ੍ਰਿੱਪਲ ਮੁਕਾਬਲੇ ਦੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ 15-11 ਨਾਲ ਹਰਾਇਆ। ਭਾਰਤ ਦੀ ਤਾਨੀਆ ਚੌਧਰੀ (ਲੀਡ), ਪਿੰਕੀ (ਸੈਕਿੰਡ) ਤੇ ਰੂਪਾ ਰਾਣੀ ਟਿਰਕੀ (ਸਕਿਪ) ਦੀ ਤਿਕੜੀ ਨਿਕੋਲ ਟੌਮੀ (ਲੀਡ), ਤਾਇਲਾ ਬਰੂਸ (ਸੈਕਿੰਡ) ਤੇ ਵੈੱਲ ਸਮਿੱਥ (ਸਕਿਪ) ਦੀ ਕੀਵੀ ਟੀਮ ਤੋਂ ਕਿਤੇ ਬਿਹਤਰ ਸਾਬਿਤ ਹੋਈ। ਭਾਰਤ ਛੇਵੇਂ ਗੇੜ ਤੋਂ ਬਾਅਦ 6-2 ਨਾਲ ਅੱਗੇ ਚੱਲ ਰਿਹਾ ਸੀ, ਪਰ ਨਿਊਜ਼ੀਲੈਂਡ ਨੇ ਨੌਵੇਂ ਗੇੜ ਤੋਂ ਬਾਅਦ ਸਕੋਰ ਬਰਾਬਰ ਕਰ ਲਿਆ। ਭਾਰਤੀ ਟੀਮ ਨੇ ਹਾਲਾਂਕਿ ਆਪਣੀ ਵਿਰੋਧੀ ਟੀਮ ਨੂੰ ਵਾਪਸੀ ਦਾ ਮੌਕਾ ਨਹੀਂ ਦਿੱਤਾ ਤੇ ਆਖਰ ਮੁਕਾਬਲਾ ਜਿੱਤਣ ਵਿਚ ਅਸਫ਼ਲ ਰਹੀ। ਭਾਰਤ ਦਾ ਅਗਲਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ ਜਦਕਿ ਭਲਕੇ ਉਹ ਨੀਯੂ ਨਾਲ ਭਿੜੇਗਾ। ਇਸੇ ਦੌਰਾਨ ਭਾਰਤ ਦੀ ਮਹਿਲਾ ਪੇਅਰ ਟੀਮ ਨੂੰ ਨਿਊਜ਼ੀਲੈਂਡ ਤੋਂ 18-9 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਜਿੱਤ ਉਤੇ ਮੁਬਾਰਕਬਾਦ ਦਿੱਤੀ ਹੈ। -ਪੀਟੀਆਈ