ਬਰਮੁਡਾ ਦੀ ਫਲੋਰਾ ਡਫੀ ਨੇ ਟੋਕੀਓ ਓਲੰਪਿਕਸ ਵਿੱਚ ਟਰਾਇਥਲਾਨ ’ਚ ਆਪਣੇ ਮੁਲਕ ਲਈ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ ਹੈ। ਬਰਮੁਡਾ ਛੋਟਾ ਜਿਹਾ ਟਾਪੂਨੁਮਾ ਮੁਲਕ ਹੈ, ਜਿਸ ਨੇ ਐਤਕੀਂ ਟੋਕੀਓ ਵਿੱਚ ਦੋ ਮੈਂਬਰੀ ਖੇਡ ਦਸਤਾ ਹੀ ਭੇਜਿਆ ਹੈ। ਇਨ੍ਹਾਂ ਵਿੱਚੋਂ ਇਕ ਡਫੀ ਜਦੋਂਕਿ ਦੂਜਾ ਦਾਰਾ ਅਲੀਜ਼ਾਦੇਹ ਹੈ, ਜੋ ਰੋਇੰਗ ਈਵੈਂਟ ਵਿੱਚ ਬਰਮੁਡਾ ਦੀ ਨੁਮਾਇੰਦਗੀ ਕਰ ਰਿਹਾ ਹੈ। ਡਫੀ ਨੇ 1500 ਮੀਟਰ ਸਵਿਮ, 40 ਕਿਲੋਮੀਟਰ ਬਾਈਕ ਰਾਈਡ ਤੇ 10 ਕਿਲੋਮੀਟਰ ਦੀ ਦੌੜ ਨੂੰ ਇਕ ਘੰਟੇ 55 ਮਿੰਟ ਤੇ 36 ਸਕਿੰਟ ਦੇ ਸਮੇਂ ਵਿੱਚ ਪੂਰਾ ਕੀਤਾ ਹੈ। ਬਰਮੁਡਾ ਲਈ ਓਲੰਪਿਕ ਖੇਡਾਂ ਦਾ ਇਹ ਪਹਿਲਾ ਸੋਨ ਤਗ਼ਮਾ ਜਦੋਂਕਿ ਮੁਲਕ ਦੇ ਖੇਡ ਇਤਿਹਾਸ ਵਿੱਚ ਦੂਜਾ ਤਗ਼ਮਾ ਹੈ। ਇਸ ਤੋਂ ਪਹਿਲਾਂ 1976 ਦੀਆਂ ਮੌਂਟਰੀਅਲ ਓਲੰਪਿਕ ਖੇਡਾਂ ਵਿੱਚ ਮੁੱਕੇਬਾਜ਼ ਕਲੇਅਰੈਂਸ ਹਿੱਲ ਨੇ ਕਾਂਸੇ ਦਾ ਤਗ਼ਮਾ ਟਾਪੂਨੁਮਾ ਮੁਲਕ ਦੀ ਝੋਲੀ ਪਾਇਆ ਸੀ। ਬਰੁਮਡਾ ਦੀ ਆਬਾਦੀ 70 ਹਜ਼ਾਰ ਦੇ ਕਰੀਬ ਹੈ।
ਨਵੀਂ ਸ਼ੁਰੂਆਤ: ਅਥਲੀਟਾਂ ਦੀਆਂ ਜਿਨਸੀ ਤਸਵੀਰਾਂ ਨੂੰ ਰੋਕੇਗਾ ਓਲੰਪਿਕ ਬਰਾਡਕਾਸਟਰ: ਟੋਕੀਓ ਓਲੰਪਿਕ ਦੇ ਬਰਾਡਕਾਸਟਿੰਗ ਹੈੱਡ ਨੇ ਖੇਡਾਂ ਦੌਰਾਨ ਮਹਿਲਾ ਅਥਲੀਟਾਂ ਦੀਆਂ ਜਿਨਸੀ ਤਸਵੀਰਾਂ ਦੇ ਪ੍ਰਸਾਰਨ ਦੌਰਾਨ ਟੈਲੀਵਿਜ਼ਨ ਲਈ ਨਿਰਧਾਰਿਤ ਸਿਖਰਲੇ ਮਾਪਦੰਡਾਂ ਨੂੰ ਕਾਇਮ ਰੱਖਣ ਦਾ ਦਾਅਵਾ ਕੀਤਾ ਹੈ। ਓਲੰਪਿਕ ਬਰਾਡਕਾਸਟਿੰਗ ਸੇਵਾਵਾਂ ਦੇ ਮੁਖੀ ਕਾਰਜਕਾਰੀ ਯਿਆਨਿਸ ਐਕਸਾਰਹੋਸ ਨੇ ਕਿਹਾ ਕਿ ਮਹਿਲਾ ਅਥਲੀਟਾਂ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੇ ਜਾਣ ਮੌਕੇ ਮੈਦਾਨ ਤੇ (ਟੀਵੀ ਦੀ) ਸਕਰੀਨ ਦੋਵਾਂ ਥਾਵਾਂ ’ਤੇ ਓਲੰਪਿਕ ਅਧਿਕਾਰੀਆਂ ਨੂੰ ਵਾਧੂ ਚੌਕਸੀ ਵਰਤਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਲੀਬਾਲ, ਜਿਮਨਾਸਟਿਕਸ, ਸਵਿਮਿੰਗ ਤੇ ਟਰੈਕ ਈਵੈਂਟ- ਜਿੱਥੇ ਮਹਿਲਾ ਅਥਲੀਟਾਂ ਦੇ ਕੱਪੜੇ ਛੋਟੇ ਹੁੰਦੇ ਹਨ, ਮੌਕੇ ਖਾਸ ਸਾਵਧਾਨੀ ਵਰਤੇ ਜਾਣ ਦੀ ਲੋੜ ਹੈ। ਕਾਬਿਲੇਗੌਰ ਹੈ ਕਿ ਜਰਮਨੀ ਦੀਆਂ ਅਥਲੀਟਾਂ ਨੇ ਜਿਮਨਾਸਟਿਕ ਦੇ ਆਪਣੇ ਮੁਕਾਬਲਿਆਂ ਦੌਰਾਨ ਆਪਣੀ ਪੁਸ਼ਾਕ ਨੂੰ ਲੈ ਕੇ ਜਿੱਥੇ ਸ਼ਿਕਾਇਤ ਕੀਤੀ ਸੀ, ਉਥੇ ਓਲੰਪਿਕ ਤੋਂ ਕੁਝ ਮਹੀਨੇ ਪਹਿਲਾਂ ਯੂਰੋਪੀਅਨ ਬੀਚ ਹੈਂਡਬਾਲ ਦੇ ਮੁਕਾਬਲੇ ਦੌਰਾਨ ਨੌਰਵੇ ਦੀਆਂ ਮਹਿਲਾ ਖਿਡਾਰਨਾਂ ਨੇ ਬਿਕਨੀ ਬੌਟਮਜ਼ ਨਾਲ ਖੇਡਣ ਤੋਂ ਨਾਂਹ ਕਰ ਦਿੱਤੀ ਸੀ।
ਬਰਤਾਨਵੀ ਤੈਰਾਕ ਨੇ ਦੋ ਵਾਰ ਕਰੋਨਾ ਨੂੰ ਮਾਤ ਦਿੱਤੀ: ਤੈਰਾਕੀ ਵਿੱਚ ਬਰਤਾਨੀਆ ਦੀ ਝੋਲੀ ਸੋਨ ਤਗ਼ਮਾ ਪਾਉਣ ਵਾਲੇ ਟੌਮ ਡੀਨ ਨੇ ਟੋਕੀਓ ਆਉਣ ਤੋਂ ਪਹਿਲਾਂ ਦੋ ਵਾਰ ਕਰੋਨਾ ਨੂੰ ਮਾਤ ਦਿੱਤੀ ਸੀ। ਉਸ ਨੂੰ ਇਸ ਸਾਲ ਜਨਵਰੀ ਵਿੱਚ ਦੂਜੀ ਵਾਰ ਕਰੋਨਾ ਦੀ ਲਾਗ ਚਿੰਬੜੀ ਸੀ। ਇਸ ਦੌਰਾਨ ਉਹ ਲੰਮਾ ਸਮਾਂ ਇਕਾਂਤਵਾਸ ਵਿੱਚ ਰਿਹਾ। ਟੋਕੀਓ ਦੇ ਐਕੁਏਟਿਕ ਸੈਂਟਰ ਵਿੱਚ 200 ਮੀਟਰ ਫ੍ਰੀ ਸਟਾਈਲ ਮੁਕਾਬਲੇ ਦੌਰਾਨ ਡੀਨ ਇੰਜ ਤੈਰਿਆ ਜਿਵੇਂ ਇਹ ਉਹਦੀ ਜ਼ਿੰਦਗੀ ਦੀ ਦੌੜ ਹੋਵੇ। ਡੀਨ ਨੇ ਗਲ ਵਿੱਚ ਪਏ ਸੋਨ ਤਗ਼ਮੇ ਨੂੰ ਸੁਪਨਾ ਸੱਚ ਹੋਣ ਵਾਂਗ ਦੱਸਿਆ ਹੈ। ਡੀਨ ਨੇ ਕਿਹਾ, ‘‘ਮੈਨੂੰ ਪਿਛਲੇ ਇਕ ਸਾਲ ਦੌਰਾਨ ਦੋ ਵਾਰ ਕਰੋਨਾ ਹੋ ਚੁੱਕਾ ਹੈ। ਇਕਾਂਤਵਾਸ ਦੌਰਾਨ ਆਪਣੇ ਫਲੈਟ ਵਿੱਚ ਬੈਠਿਆਂ ਓਲੰਪਿਕ ’ਚ ਸੋਨ ਤਗ਼ਮੇ ਦਾ ਸੁਪਨਾ ਹਜ਼ਾਰਾਂ ਮੀਲ ਦੂਰ ਲਗਦਾ ਸੀ।’’ ਡੀਨ ਨੇ ਮੁਕਾਬਲੇ ਦੌਰਾਨ 1 ਮਿੰਟ 44.44 ਸਕਿੰਟ ਦਾ ਸਮਾਂ ਕੱਢ ਕੇ ਬਰਤਾਨਵੀ ਰਿਕਾਰਡ ਨੂੰ ਹੀ ਤੋੜਿਆ, ਜੋ 1908 ਵਿੱਚ ਬਣਿਆ ਸੀ। ਡੀਨ ਨੇ ਕਿਹਾ ਕਿ ਕਰੋਨਾ ਦੀ ਲਾਗ ਤੋਂ ਉਭਰ ਕੇ ਜ਼ਬਰਦਸਤ ਸਿਖਲਾਈ ਪ੍ਰੋਗਰਾਮ ਨਾਲ ਜੁੜਨਾ ਕਾਫੀ ਔਖਾ ਸੀ।
ਸ਼ਟਲਰ ਦੀ ਕਾਲੀ ਜਰਸੀ ਤੋਂ ਚੀਨੀ ਸਿਆਸਤਦਾਨ ਖਫ਼ਾ: ਹਾਂਗ ਕਾਂਗ ਦੇ ਸ਼ਟਲਰ ਐਂਗਸ ਨਗ ਕਾਲੌਂਗ ਦੇ ਕਾਲੀ ਟੀ-ਸ਼ਰਟ ਪਾ ਕੇ ਬੈਡਮਿੰਟਨ ਕੋਰਟ ’ਚ ਉਤਰਨ ਦਾ ਚੀਨ ਨੇ ਬੁਰਾ ਮਨਾਇਆ ਹੈ। ਟੀ-ਸ਼ਰਟ ’ਤੇ ਕਾਲੌਂਗ ਦੇ ਦਸਤਖ਼ਤਾਂ ਦੇ ਨਾਲ ‘ਹਾਂਗ ਕਾਂਗ, ਚਾਈਨਾ’’ ਲਿਖਿਆ ਸੀ। ਕਾਲੀ ਟੀ-ਸ਼ਰਟ ਨੂੰ ਹਾਂਗ ਕਾਂਗ ਵਿੱਚ ਜਮਹੂਰੀਅਤ ਪੱਖੀ ਪ੍ਰਦਰਸ਼ਨਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਹੋਰਨਾਂ ਸ਼ਟਲਰਾਂ ਨੇ ਹਾਲਾਂਕਿ ਆਪਣੇ ਮੈਚਾਂ ਦੌਰਾਨ ਯੋਨੈਕਸ ਵੱਲੋਂ ਸਪਾਂਸਰਡ ਟੀ-ਸ਼ਰਟਾਂ ਹੀ ਪਾਈਆਂ ਸਨ। ਚੀਨ ਦੇ ਦੋ ਕੌਮੀ ਸਿਆਸਤਦਾਨਾਂ ਨੇ ਸ਼ਟਲਰ ਦੇ ਪਹਿਰਾਵੇ ਨੂੰ ਦੇਸ਼ ਵਿਰੋਧੀ ਕਰਾਰ ਦਿੱਤਾ ਹੈ। ਕਾਲੌਂਗ ਨੂੰ ਸਿਆਸੀ ਵਿਵਾਦ ਵਿੱਚ ਫਸਦਾ ਵੇਖ ਹਾਂਗ ਕਾਂਗ ਦਾ ਓਲੰਪਿਕ ਵਫ਼ਦ ਸ਼ਟਲਰ ਦੇ ਬਚਾਅ ਵਿੱਚ ਨਿੱਤਰ ਆਇਆ ਹੈ। ਹਾਂਗ ਕਾਂਗ ਦੀ ਓਲੰਪਿਕ ਟੀਮ ਦੇ ਦੋ ਸੀਨੀਅਰ ਪ੍ਰਬੰਧਕੀ ਮੈਂਬਰਾਂ ਨੇ ਕਿਹਾ ਕਿ ਸ਼ਟਲਰ ਨੂੰ ਇੰਜ ਸਿਆਸੀ ਵਿਵਾਦ ਵਿੱਚ ਘੜੀਸਣਾ ਠੀਕ ਨਹੀਂ ਹੈ। ਕਾਲੌਂਗ ਨੇ ਕਿਹਾ ਕਿ ਉਸ ਦੀ ਪੁਸ਼ਾਕ ਦਾ ਸਿਆਸਤ ਨਾਲ ਕੋਈ ਲਾਗਾ-ਦੇਗਾ ਨਹੀਂ ਹੈ ਤੇ ਇਹ ਮੁਕਾਬਲੇ ਦੀਆਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੀ ਹੈ। -ਅਮਰਪ੍ਰੀਤ ਸਿੰਘ