ਲੰਡਨ:
ਸਿਖਰਲਾ ਦਰਜਾ ਪ੍ਰਾਪਤ ਬੋਪੰਨਾ ਅਤੇ ਮੈਥਿਊ ਇਬਡੇਨ ਦੀ ਜੋੜੀ ਦੀ ਅੱਜ ਇੱਥੇ ਆਸਟਰੀਆ ਦੀ ਅਲੈਗਜ਼ੈਂਦਰ ਅਰਲਰ ਅਤੇ ਲੁਕਾਸ ਮੇਡਲਰ ਦੀ ਜੋੜੀ ’ਤੇ ਸਿੱਧੇ ਸੈੱਟਾਂ ਵਿੱਚ ਜਿੱਤ ਨਾਲ ਸਿੰਚ ਟੈਨਿਸ ਚੈਂਪੀਅਨਸ਼ਿਪ ਦੇ ਪੁਰਸ਼ ਡਬਲਜ਼ ਕੁਆਰਟਰ ਫਾਈਨਲ ਵਿੱਚ ਕਦਮ ਧਰਿਆ। ਬੋਪੰਨਾ ਅਤੇ ਇਬਡੇਨ ਦੀ ਭਾਰਤੀ-ਆਸਟਰੇਲਿਆਈ ਜੋੜੀ ਨੇ ਵਿੰਬਲਡਨ ਚੈਂਪੀਅਨਸ਼ਿਪ ਦੀ ਤਿਆਰੀ ਦੀ ਸ਼ੁਰੂਆਤ ਕਰਦਿਆਂ ਏਟੀਪੀ 500 ਗ੍ਰਾਸ ਕੋਰਟ ਟੂਰਨਾਮੈਂਟ ਦੇ ਸ਼ੁਰੂਆਤੀ ਰਾਊਂਡ ਵਿੱਚ 56 ਮਿੰਟ ’ਚ 6-4, 6-4 ਨਾਲ ਜਿੱਤ ਦਰਜ ਕੀਤੀ। ਬੋਪੰਨਾ ਅਤੇ ਇਬਡੇਨ ਫਰੈਂਚ ਓਪਨ ਸੈਮੀ ਫਾਈਨਲ ਵਿੱਚ ਪਹੁੰਚੇ ਸੀ। ਇਸ ਜੋੜੀ ਨੇ ਸਾਰੇ ਤਿੰਨਾਂ ਬ੍ਰੇਕ ਪੁਆਇੰਟ ਬਚਾਏ ਅਤੇ ਦੋ ਵਾਰ ਆਪਣੇ ਵਿਰੋਧੀਆਂ ਦੀ ਸਰਵਿਸ ਤੋੜੀ। -ਪੀਟੀਆਈ
ਪੈਰਿਸ ਓਲੰਪਿਕ ਵਿੱਚ ਖੇਡੇਗਾ ਜੋਕੋਵਿਚ
ਲੰਡਨ: ਸਰਬੀਆ ਓਲੰਪਿਕ ਕਮੇਟੀ ਨੇ ਪੁਸ਼ਟੀ ਕੀਤੀ ਹੈ ਕਿ ਨੋਵਾਕ ਜੋਕੋਵਿਚ ਆਗਾਮੀ ਪੈਰਿਸ ਓਲੰਪਿਕ ਵਿੱਚ ਹਿੱਸਾ ਲਵੇਗਾ। ਫਰੈਂਚ ਓਪਨ ਕੁਆਰਟਰ ਫਾਈਨਲ ਤੋਂ ਪਹਿਲਾਂ ਗੋਡੇ ਦੇ ਅਪਰੇਸ਼ਨ ਕਾਰਨ ਪਿੱਛੇ ਹਟਣ ਵਾਲੇ ਜੋਕੋਵਿਚ ਨੇ ਉਮੀਦ ਜਤਾਈ ਕਿ ਉਹ ਜਲਦੀ ਮੁਕਾਬਲੇ ਵਿੱਚ ਪਰਤੇਗਾ। ਸਰਬੀਆ ਕਮੇਟੀ ਨੇ ਕਿਹਾ ਕਿ ਜੋਕੋਵਿਚ ਨੇ ਪੈਰਿਸ ਓਲੰਪਿਕ ਖੇਡਣ ਦੀ ਪੁਸ਼ਟੀ ਕੀਤੀ ਹੈ, ਜੋ ਉਸ ਦਾ ਪੰਜਵਾਂ ਓਲੰਪਿਕ ਹੋਵੇਗਾ। ਜੋਕੋਵਿਚ ਨੇ ਕਿਹਾ ਕਿ ਉਸ ਦੇ ਖੱਬੇ ਗੋਡੇ ਦਾ ਅਪਰੇਸ਼ਨ ਸਫਲ ਰਿਹਾ ਹੈ। ਪੈਰਿਸ ਓਲੰਪਿਕ ਦੇ ਟੈਨਿਸ ਮੁਕਾਬਲੇ 27 ਜੁਲਾਈ ਤੋਂ ਸ਼ੁਰੂ ਹੋਣਗੇ। ਜੋਕੋਵਿਚ ਨੇ 2008 ਪੇਈਚਿੰਗ ਓਲੰਪਿਕ ਵਿੱਚ ਪ੍ਰਦਰਸ਼ਨ ਕਰਦਿਆਂ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਏਪੀ