ਚੰਡੀਗੜ੍ਹ, 3 ਅਗਸਤ
ਭਾਰਤੀ ਵੇਟਲਿਫਟਰ ਵਿਕਾਸ ਠਾਕੁਰ ਨੂੰ ਬਰਮਿੰਘਮ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਪੁਰਸ਼ਾਂ ਦੇ 96 ਕਿਲੋ ਭਾਰ ਵਰਗ ਵਿਚ ਚਾਂਦੀ ਦਾ ਤਗਮਾ ਜਿੱਤਣ ’ਤੇ ਪੰਜਾਬ ਸਰਕਾਰ ਨੇ 50 ਲੱਖ ਰੁਪਏ ਨਗਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਕਰਦਿਆਂ ਇਸ ਹੈਵੀਵੇਟ ਵੇਟਲਿਫਟਰ ਨੂੰ ਵਧਾਈ ਵੀ ਦਿੱਤੀ। ਲੁਧਿਆਣਾ ਦੇ ਰਹਿਣ ਵਾਲੇ ਠਾਕੁਰ ਨੇ ਕੁੱਲ 346 ਕਿਲੋ (155 ਕਿਲੋ ਤੇ 191 ਕਿਲੋ) ਵਜ਼ਨ ਚੁੱਕ ਕੇ ਦੂਜਾ ਸਥਾਨ ਹਾਸਲ ਕੀਤਾ। ਠਾਕੁਰ ਦਾ ਰਾਸ਼ਟਰਮੰਡਲ ਖੇਡਾਂ ਵਿਚ ਇਹ ਦੂਜਾ ਚਾਂਦੀ ਦਾ ਤਗਮਾ ਹੈ। ਉਹ 2014 ਗਲਾਸਗੋ ਖੇਡਾਂ ਵਿਚ ਵੀ ਦੂਜੇ ਸਥਾਨ ਉਤੇ ਰਹੇ ਸਨ। ਜਦਕਿ ਗੋਲਡ ਕੋਸਟ ਵਿਚ 2018 ਵਿਚ ਉਨ੍ਹਾਂ ਕਾਂਸੀ ਦਾ ਤਗਮਾ ਜਿੱਤਿਆ ਸੀ। ਠਾਕੁਰ ਨੇ ਸਨੈਚ ਵਿਚ ਤਿੰਨ ਕੋਸ਼ਿਸ਼ਾਂ ਵਿਚ 149 ਕਿਲੋ, 153 ਕਿਲੋ ਤੇ 155 ਕਿਲੋ ਵਜ਼ਨ ਉਠਾ ਕੇ ਤਗਮਾ ਜਿੱਤਿਆ ਹੈ। ਕਲੀਨ ਐਂਡ ਜਰਕ ਵਿਚ ਠਾਕੁਰ ਨੇ 187 ਕਿਲੋ ਵਜ਼ਨ ਉਠਾ ਕੇ ਸ਼ੁਰੂਆਤ ਕੀਤੀ। ਦੂਜੀ ਕੋਸ਼ਿਸ਼ ਵਿਚ ਉਨ੍ਹਾਂ 191 ਕਿਲੋ ਵਜ਼ਨ ਉਠਾਇਆ। ਮਾਨ ਨੇ ਟਵੀਟ ਕੀਤਾ, ‘ਲੁਧਿਆਣਾ ਦੇ ਵਿਕਾਸ ਠਾਕੁਰ ਨੇ ਬਰਮਿੰਘਮ ਵਿਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ। -ਪੀਟੀਆਈ