ਹਰਜੀਤ ਲਸਾੜਾ
ਬ੍ਰਿਸਬੇਨ, 28 ਮਾਰਚ
33ਵੀਆਂ ਸਾਲਾਨਾ ਆਸਟਰੇਲਿਆਈ ਸਿੱਖ ਖੇਡਾਂ ਪੱਛਮੀ ਆਸਟਰੇਲੀਆ ਦੇ ਸ਼ਹਿਰ ਪਰਥ ’ਚ ਈਸਟਰ ਵੀਕਐਂਡ ’ਤੇ ਕਰਵਾਈਆਂ ਜਾ ਰਹੀਆਂ ਹਨ। ਪਰ ਕਰੋਨਾ ਮਹਾਮਾਰੀ ਦੀਆਂ ਪਾਬੰਦੀਆਂ ਕਾਰਨ ਦੂਸਰੇ ਸੂਬਿਆਂ ਦੇ ਖਿਡਾਰੀ ਤੇ ਦਰਸ਼ਕ ਪਰਥ ਖੇਡਾਂ ਵਿੱਚ ਭਾਗ ਨਹੀਂ ਲੈ ਸਕਣਗੇ। ਇਸੇ ਸੰਦਰਭ ਵਿੱਚ ਕੌਮੀ ਸਿੱਖ ਖੇਡ ਕਮੇਟੀ ਦੀ ਅਗਵਾਈ ਹੇਠ ਆਸਟਰੇਲੀਆ ਦੇ ਵੱਖ ਵੱਖ ਸੂਬਿਆਂ ਵਿੱਚ ਸਥਾਨਕ ਕਮੇਟੀਆਂ ਦੇ ਸਹਿਯੋਗ ਨਾਲ ਪਰਥ ਦੀਆਂ ਖੇਡਾਂ ਨੂੰ ਸਮਰਪਿਤ ਖੇਡ ਮੇਲੇ ਕਰਵਾਏ ਜਾ ਰਹੇ ਹਨ। ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ’ਚ ਵੀ ਈਸਟਰ ਮੌਕੇ 2 ਅਤੇ 3 ਅਪਰੈਲ ਨੂੰ ਈਗਲ ਸਪੋਰਟਸ ਕੰਪਲੈਕਸ ਮੈੱਨਸਫੀਲਡ ’ਚ ਦੋ ਦਿਨਾਂ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਕਮਿਊਨਟੀ ਰੇਡੀਓ ਫੋਰ ਈਬੀ ’ਤੇ ਜਾਣਕਾਰੀ ਦਿੰਦਿਆਂ ਕੌਮੀ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਅਤੇ ਕੁਈਨਜ਼ਲੈਂਡ ਕਮੇਟੀ ਪ੍ਰਬੰਧਕ ਹੈਪੀ ਧਾਮੀ, ਰੌਕੀ ਭੁੱਲਰ ਅਤੇ ਜਗਦੀਪ ਸਿੰਘ ਭਿੰਡਰ ਨੇ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਫੁੱਟਬਾਲ, ਵਾਲੀਬਾਲ, ਕ੍ਰਿਕਟ, ਰੱਸਾਕਸ਼ੀ ਆਦਿ ਖੇਡਾਂ ਸ਼ਾਮਲ ਹੋਣਗੀਆਂ ਅਤੇ ਗਿੱਧਾ-ਭੰਗੜਾ ਆਦਿ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ। ਕੌਮੀ ਖੇਡਾਂ ਦੇ ਸਭਿਆਚਾਰ ਨੁਮਾਇੰਦੇ ਮਨਜੀਤ ਬੋਪਾਰਾਏ ਨੇ ਦੱਸਿਆ ਕਿ ਖੇਡ ਮੇਲੇ ਵਿੱਚ ਦਸਤਾਰ ਸਜਾਉਣ ਦੇ ਮੁਕਾਬਲੇ, ਬੱਚਿਆਂ ਦੀਆਂ ਖੇਡਾਂ ਅਤੇ ਸੱਭਿਆਚਾਰਿਕ ਵੰਨਗੀਆਂ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੀਆਂ। ਪ੍ਰਬੰਧਕਾਂ ਨੇ ਲੋਕਾਂ ਨੂੰ ਖੇਡ ਮੇਲੇ ਵਿੱਚ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਸਮੁੱਚੇ ਪੰਜਾਬੀ ਭਾਈਚਾਰੇ ’ਚ ਸਿੱਖ ਖੇਡਾਂ ਨੂੰ ਲੈ ਕੇ ਉਤਸ਼ਾਹ ਹੈ।