ਟੋਕੀਓ: ਟੋਕੀਓ ਓਲੰਪਿਕ ਰੱਦ ਕਰਨ ਦੇ ਸਮਰਥਨ ’ਚ ਕੁੱਝ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਇੱਕ ਆਨਲਾਈਨ ਪਟੀਸ਼ਨ ’ਤੇ ਹਜ਼ਾਰਾਂ ਲੋਕਾਂ ਨੇ ਦਸਤਖ਼ਤ ਕੀਤੇ ਹਨ। ਟੋਕੀਓ, ਓਸਾਕਾ ਅਤੇ ਕੁਝ ਇਲਾਕਿਆਂ ’ਚ ਕਰੋਨਾ ਲਾਗ ਦੇ ਕੇਸ ਵਧਣ ਦਾ ਕਾਰਨ 11 ਮਈ ਤੱਕ ਐਮਰਜੈਂਸੀ ਲਾਗੂ ਹੈ, ਪਰ ਜਾਪਾਨ ’ਚ ਕੁੱਝ ਰਿਪੋਰਟਾਂ ’ਚ ਕਿਹਾ ਗਿਆ ਕਿ ਇਹ ਐਮਰਜੈਂਸੀ ਵਧਾਈ ਜਾ ਸਕਦੀ ਹੈ। ਕਰੋਨਾ ਮਹਾਮਾਰੀ ਕਾਰਨ ਪਿਛਲੇ ਵਰ੍ਹੇ ਮੁਅੱਤਲ ਕੀਤੀਆਂ ਗਈਆਂ ਓਲੰਪਿਕ ਖੇਡਾਂ 23 ਜੁਲਾਈ ਤੋਂ ਸ਼ੁਰੁੂ ਹੋਣੀਆਂ ਹਨ। ‘ਲੋਕਾਂ ਦੀਆਂ ਜਾਨਾਂ ਬਚਾਉਣ ਲਈ ਓਲੰਪਿਕ ਖੇਡਾਂ ਰੱਦ ਕਰੋ’ ਦੇ ਸਿਰਲੇਖ ਵਾਲੀ ਇਹ ਪਟੀਸ਼ਨ ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਦੇ ਨਾਂ ਪਾਈ ਗਈ ਹੈ। ਬਾਕ ਵੱਲੋਂ ਇਸ ਮਹੀਨੇ ਦੇ ਅੰਤ ’ਚ ਜਾਪਾਨ ਦੀ ਯਾਤਰਾ ਦਾ ਪ੍ਰੋਗਰਾਮ ਹੈ। ਉਹ ਟੋਕੀਓ ਵੀ ਜਾ ਸਕਦੇ ਹਨ, ਜਿੱਥੇ ਲੋਕਾਂ ਵੱਲੋਂ ਓਲੰਪਿਕ ਖ਼ਿਲਾਫ਼ ਛੋਟੇ-ਛੋਟੇ ਰੋਸ ਮੁਜ਼ਾਹਰੇ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ। -ਏਪੀ