ਟੋਕੀਓ, 15 ਜੁਲਾਈ
ਓਲੰਪਿਕ ਖੇਡਾਂ ਦੌਰਾਨ ਤਗਮਾ ਵੰਡ ਸਮਾਰੋਹ ਦੌਰਾਨ ਅਥਲੀਟ, ਤਗ਼ਮਾ ਪੇਸ਼ਕਾਰ ਵਾਲੇ ਅਤੇ ਵਾਲੰਟੀਅਰ ਸਮੂਹਿਕ ਫੋਟੋ ਨਹੀਂ ਖਿਚਵਾ ਸਕਣਗੇ ਅਤੇ ਪੋਡੀਅਮ ’ਤੇ ਚੜ੍ਹਨ ਸਮੇਂ ਮਾਸਕ ਪਾਇਆ ਹੋਣਾ ਲਾਜ਼ਮੀ ਹੋਵੇਗਾ। ਕੌਮਾਂਤਰੀ ਓਲੰਪਿਕ ਕਮੇਟੀ (ਆਈਓਸੀ) ਨੇ ਵੀਰਵਾਰ ਨੂੰ ਇਹ ਐਲਾਨ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਿਹਤ ਸੁਰੱਖਿਆ ਮਾਨਕ ਜਾਰੀ ਕਰਦਿਆਂ ਕੀਤਾ। ਜੂਨ ਵਿੱਚ ਜਾਰੀ ਗਾਈਡਲਾਈਨਜ਼ ਵਿੱਚ ਹੀ ਅਥਲੀਟਾਂ ਅਤੇ ਤਗ਼ਮਾ ਪੇਸ਼ਕਾਰਾਂ ਲਈ ਮਾਸਕ ਪਾਉਣਾ ਲਾਜ਼ਮੀ ਕਰਾਰ ਦਿੱਤਾ ਜਾ ਚੁੱਕਾ ਹੈ। ਆਈਓਸੀ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਤਗਮਾ (ਸੋਨਾ, ਚਾਂਦੀ ਅਤੇ ਕਾਂਸੀ) ਜੇਤੂਆਂ ਵਿਚਾਲੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਵੱਖ-ਵੱਖ ਪੋਡੀਅਮ ਰੱਖੇ ਜਾਣਗੇ। ਆਈਓਸੀ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਕਿ ਤਗ਼ਮੇ ਪੇਸ਼ ਕਰਨ ਵਾਲੇ ਸਾਰੇ ਜਣਿਆਂ ਦਾ ਟੀਕਾਕਰਨ ਹੋਇਆ ਜ਼ਰੂਰੀ ਹੈ ਅਤੇ ਹਰੇਕ ਈਵੈਂਟ ਮੌਕੇ ਉੱਥੇ ਆਈਓਸੀ ਅਤੇ ਅਤੇ ਕੌਮਾਂਤਰੀ ਫੈਡਰੇਸ਼ਨ ਦਾ ਸਿਰਫ ਇੱਕ-ਇੱਕ ਨੁਮਾਇੰਦਾ ਹਾਜ਼ਰ ਰਹੇਗਾ। ਜ਼ਿਕਰਯੋਗ ਹੈ ਕਿ ਆਈਓਸੀ ਦੇ ਪ੍ਰਧਾਨ ਥਾਮਸ ਬਾਕ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਕਰੋਨਾ ਲਾਗ ਤੋਂ ਬਚਾਅ ਦੇ ਮੱਦੇਨਜ਼ਰ ਟੋਕੀਓ ਓਲੰਪਿਕ ’ਚ ਸਾਰੇ ਜੇਤੂ ਅਥਲੀਟਾਂ ਨੂੰ ਆਪਣੇ ਗਲਾਂ ’ਚ ਤਗ਼ਮੇ ਖੁ਼ਦ ਪਾਉਣੇ ਪੈਣਗੇ। -ਏਜੰਸੀ