ਟੋਕੀਓ, 30 ਅਗਸਤ
ਮੁੱਖ ਅੰਸ਼
- ਜੈਵਲਿਨ ਥਰੋਅਰ ਸੁਮਿਤ ਅੰਟਿਲ ਨੇ ਵਿਸ਼ਵ ਰਿਕਾਰਡ ਨਾਲ ਦੂੁਜਾ ਸੋਨ ਤਗ਼ਮਾ ਜਿੱਤਿਆ
- ਅਵਨੀ ਲੇਖਰਾ ਨੇ ਸ਼ੂਟਿੰਗਵਿੱਚ ਸੋਨਾ ਫੁੰਡਿਆ
-
ਝਾਝਰੀਆ ਤੇ ਕਥੂਨੀਆ ਨੇ ਚਾਂਦੀ ਅਤੇ ਗੁਰਜਰ ਨੇ ਕਾਂਸੀ ਦਾ ਤਗ਼ਮਾ ਜਿੱਤਿਆ
ਭਾਰਤ ਨੇ ਅੱਜ ਟੋਕੀਓ ਪੈਰਾਲੰਪਿਕ ’ਚ ਦੋ ਸੋਨ, ਦੋ ਚਾਂਦੀ ਅਤੇ ਇੱਕ ਕਾਂਸੀ ਸਣੇ ਪੰਜ ਤਗ਼ਮੇ ਜਿੱਤੇ ਹਨ। ਜੈਵਲਿਨ ਥਰੋਅ ’ਚ ਸੁਮਿਤ ਅੰਤਿਲ ਅਤੇ ਸ਼ੂਟਿੰਗ ’ਚ ਅਵਨੀ ਲੇਖਰਾ ਨੂੰ ਸੋਨ, ਦੇਵੇਂਦਰ ਝਾਝਰੀਆ ਨੂੰ ਚਾਂਦੀ, ਸੁੰਦਰ ਸਿੰਘ ਗੁੱਜਰ ਨੂੰ ਕਾਂਸੀ ਜਦਕਿ ਡਿਸਕਸ ਥਰੋਅਰ ਯੋਗੇਸ਼ ਕਥੂੁਨੀਆਂ ਨੂੰ ਚਾਂਦੀ ਦਾ ਤਗ਼ਮਾ ਮਿਲਿਆ ਹੈ। ਇਸ ਨਾਲ ਖੇਡਾਂ ਵਿੱਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ ਵਧ ਕੇ 7 ਹੋ ਗਈ ਹੈ। ਭਾਰਤ ਦੇ ਜੈਵਲਿਨ ਥਰੋਅਰ ਸੁਮਿਤ ਅੰਤਿਲ ਨੇ ਚੱਲ ਰਹੀਆਂ ਪੈਰਾਲਿੰਪਿਕ ਖੇਡਾਂ ’ਚ ਪੁਰਸ਼ਾਂ ਦੇ ਐੱਫ64 ਵਰਗ ’ਚ ਅੱਜ ਵਿਸ਼ਵ ਰਿਕਾਰਡ ਨਾਲ ਦੁੂਜਾ ਸੋਨ ਤਗਮਾ ਜਿੱਤਿਆ ਹੈ। ਹਰਿਆਣਾ ਦੇ ਸੋਨੀਪਤ ਵਾਸੀ 23 ਸਾਲਾ ਸੁਮਿਤ, ਜਿਸ ਦੀ 2015 ’ਚ ਇੱਕ ਹਾਦਸੇ ਮਗਰੋਂ ਖੱਬੀ ਲੱਤ ਗੋਡੇ ਤੋਂ ਹੇਠੋਂ ਕੱਟੀ ਗਈ ਸੀ, ਨੇ ਆਪਣੀ ਪੰਜਵੀਂ ਕੋਸ਼ਿਸ਼ ਦੌਰਾਨ 68.55 ਮੀਟਰ ਜੈਵੇਲਿਨ ਸੁੱਟ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਸੋਨ ਤਗ਼ਮਾ ਹਾਸਲ ਕੀਤਾ। ਇਸੇ ਦੌਰਾਨ ਦੋ ਵਾਰ ਸੋਨ ਤਗ਼ਮਾ ਜੇਤੁੂ ਦੇੇਵੇਂਦਰ ਝਾਝਰੀਆ ਨੇ ਪੁਰਸ਼ਾਂ ਦੇ ਐੱਫ-46 ਵਰਗ ’ਚ ਚਾਂਦੀ ਦਾ ਅਤੇ ਇਸ ਮੁਕਾਬਲੇ ’ਚ ਤੀਜੇ ਸਥਾਨ ’ਤੇ ਰਹੇ ਯੋਗੇਸ਼ ਕਥੂਨੀਆ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਨਿਸ਼ਾਨੇਬਾਜ਼ ਅਵਨੀ ਲੇਖਰਾ ਨੇ ਵੀ ਸਵੇਰੇ ਮਹਿਲਾਵਾਂ ਦੇ 10 ਮੀਟਰ ਏਅਰ ਰਾਈਫਲ ਐੱਸਐੱਚ-1 ਮੁਕਾਬਲੇ ’ਚ ਸੋਨ ਤਗ਼ਮਾ ਜਿੱਤਿਆ ਹੈ। ਮੁਕਾਬਲੇ ’ਚ ਸੁੰਦਰ ਸਿੰਘ ਗੁੱਜਰ ਨੇ 64.01 ਮੀਟਰ ਜੈਵਲਿਨ ਸੁੱਟੀ। ਦੂਜੇ ਪਾਸੇ ਯੋਗੇਸ਼ ਕਥੂਨੀਆ ਨੇ ਪੁਰਸ਼ਾਂ ਦੇ ਐੱਫ56 ਮੁਕਾਬਲੇ ’ਚ 44.38 ਮੀਟਰ ਡਿਸਕਸ ਸੁੱਟ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਹੈ। ਜਿੱਤ ਮਗਰੋਂ ਕਥੂਨੀਆ ਨੇ ਕਿਹਾ, ‘ਇਹ ਸ਼ਾਨਦਾਰ ਹੈ। ਚਾਂਦੀ ਦਾ ਤਗ਼ਮਾ ਜਿੱਤਣ ਨਾਲ ਮੈਨੂੰ ਪੈਰਿਸ 2024 ’ਚ ਸੋਨ ਤਗ਼ਮਾ ਜਿੱਤਣ ਲਈ ਹੋਰ ਪ੍ਰੇਰਨਾ ਮਿਲੀ ਹੈ।
ਡਿਸਕਸ ਥਰੋਅਰ ਵਿਨੋਦ ਕੁਮਾਰ ਦਾ ਤਗ਼ਮਾ ਖੁੱਸਿਆ
ਟੋਕੀਓ: ਭਾਰਤ ਦੇ ਡਿਸਕਸ ਥਰੋਅਰ ਵਿਨੋਦ ਕੁਮਾਰ ਦਾ ਤਗ਼ਮਾ ਅੱਜ ਖੁੱਸ ਗਿਆ ਹੈ। ਉਸ ਨੂੰ ਟੂਰਨਾਮੈਂਟ ਦੇ ਪੈਨਲ ਵੱਲੋਂ ਰੋਗਾ ਦੀ ਕਲਾਸੀਫਿਕੇਸ਼ਨ ਦੇ ਨਿਰੀਖਣ ’ਚ ਅਯੋਗ ਪਾਏ ਜਾਣ ਕਾਰਨ ਉਸ ਨੂੰ ਤਗ਼ਮਾ ਨਹੀਂ ਦਿੱਤਾ ਗਿਆ। ਵਿਨੋਦ ਨੇ ਐਤਵਾਰ ਨੂੰ ਟੋਕੀਓ ਪੈਰਾਲੰਪਿਕ ’ਚ ਪੁਰਸ਼ਾਂ ਦੇ ਐੱਫ52 ਮੁਕਾਬਲੇ ’ਚ 19.91 ਮੀਟਰ ਡਿਸਕਸ ਸੁੱਟ ਕੇ ਏਸ਼ਿਆਈ ਰਿਕਾਰਡ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਸੀ ਪਰ ਇੱਕ ਮੁਕਾਬਲੇਬਾਜ਼ ਵੱਲੋਂ ਵਿਨੋਦ ਦੇ ਰੋਗ ਦੀ ਕਲਾਸੀਫਿਕੇਸ਼ਨ ’ਤੇ ਇਤਰਾਜ਼ ਜਤਾਏ ਜਾਣ ਮਗਰੋਂ ਤਗ਼ਮਾ ਰੋਕ ਲਿਆ ਗਿਆ ਸੀ। ਪ੍ਰਬੰਧਕਾਂ ਨੇ ਇੱਕ ਬਿਆਨ ’ਚ ਕਿਹਾ, ‘ਪੈਨਲ ਅਨੁਸਾਰ ਐੱਨਪੀਸੀ (ਕੌਮੀ ਪੈਰਾਲੰਪਿਕ ਕਮੇਟੀ) ਭਾਰਤ ਦੇ ਅਥਲੀਟ ਵਿਨੋਦ ਕੁਮਾਰ ਦੀ ‘ਸਪੋਰਟ ਕਲਾਸ’ ਨਹੀਂ ਵੰਡ ਸਕਿਆ ਅਤੇ ਖਿਡਾਰੀ ਨੇ ਕਲਾਸੀਫਿਕੇਸ਼ਨ ਪੂਰੀ ਨਹੀਂ ਕੀਤੀ। ਉਹ ਇਸ ਡਿਸਕਸ ਥਰੋਅ ਮੁਕਾਬਲੇ ਲਈ ਅਯੋਗ ਹੈ ਅਤੇ ਉਸ ਦਾ ਨਤੀਜਾ ਮੰਨਣਯੋਗ ਨਹੀਂ ਹੈ। -ਪੀਟੀਆਈ
ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਜੇਤੂਆਂ ਨੂੰ ਵਧਾਈ
ਰਾਸ਼ਟਪਰਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਨ ਤਗ਼ਮਾ ਜੇਤੂ ਸੁਮਿਤ ਅੰਤਿਲ, ਅਵਨੀ ਲੇਖਰਾ ਤੋਂ ਦੇਵੇਂਦਰ ਝਾਝਰੀਆ, ਸੁੰਦਰ ਸਿੰਘ ਗੁੱਜਰ ਅਤੇ ਯੋਗੇਸ਼ ਕਥੂਨੀਆਂ ਨੂੰ ਤਗ਼ਮੇ ਜਿੱਤਣ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੱਤੀ ਹੈ। -ਪੀਟੀਆਈ