ਟੋਕੀਓ, 29 ਅਗਸਤ
ਟੋਕੀਓ ਪੈਰਾਲੰਪਿਕ ਵਿੱਚ ਅੱਜ ਭਾਰਤ ਨੇ ਦੋ ਚਾਂਦੀ ਅਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਭਾਵਿਨਾਬੇਨ ਪਟੇਲ ਨੂੰ ਟੇਬਲ ਟੈਨਿਸ ਅਤੇ ਨਿਸ਼ਾਦ ਕੁਮਾਰ ਨੂੰ ਉੱਚੀ ਛਾਲ ’ਚ ਚਾਂਦੀ ਅਤੇ ਵਿਨੋਦ ਕੁਮਾਰ ਨੂੰ ਡਿਸਕਸ ਥਰੋਅ ’ਚ ਕਾਂਸੀ ਦਾ ਤਗ਼ਮਾ ਮਿਲਿਆ ਹੈ। ਤਗਮਾ ਜਿੱਤਣ ਵਾਲੀ ਭਾਵਿਨਾਬੇਨ ਪਟੇਲ ਟੇਬਲ ਟੈਨਿਸ ’ਚ ਤਗ਼ਮਾ ਜਿੱਤਣ ਵਾਲੀ ਭਾਰਤ ਦੀ ਦੂਜੀ ਮਹਿਲਾ ਖਿਡਾਰਨ ਬਣ ਗਈ ਹੈ। ਨਿਸ਼ਾਦ ਕੁਮਾਰ ਤੇ ਵਿਨੋਦ ਕੁਮਾਰ ਨੇ ਏਸ਼ਿਆਈ ਰਿਕਾਰਡ ਬਣਾਉਂਦਿਆਂ ਤਗ਼ਮੇ ਜਿੱਤੇ ਹਨ। ਉਂਜ ਕਿਸੇ ਹੋਰ ਮੁਕਾਬਲੇਬਾਜ਼ ਵੱਲੋਂ ਵਿਨੋਦ ਕੁਮਾਰ ਦੀ ਕਲਾਸੀਫਿਕੇਸ਼ਨ ’ਤੇ ਇਤਰਾਜ਼ ਜਤਾਉਣ ਮਗਰੋਂ ਉਸ ਦਾ ਤਗ਼ਮਾ ਰੋਕ ਲਿਆ ਗਿਆ ਹੈ। ਖੇਡ ਪ੍ਰਬੰਧਕਾਂ ਮੁਤਾਬਕ ਕਲਾਸੀਫਿਕੇਸ਼ਨ ਮੁਲਾਂਕਣ ਕਾਰਨ ਨਤੀਜੇ ’ਤੇ ਨਜ਼ਰਸਾਨੀ ਕੀਤੀ ਜਾ ਰਹੀ ਹੈ। ਫਾਈਨਲ ਵਿੱਚ ਭਾਵਿਨਾਬੇਨ ਨੂੰ ਵਿਸ਼ਵ ਦੀ ਅੱਵਲ ਦਰਜਾ ਪ੍ਰਾਪਤ ਚੀਨ ਦੀ ਖਿਡਾਰਨ ਯਿੰਗ ਝੋਊ ਨੇ 0-3 ਨਾਲ ਮਾਤ ਦਿੱਤੀ। ਭਾਵਿਨਾਬੇਨ (34) ਨੂੰ ਦੋ ਵਾਰ ਸੋਨ ਤਗਮਾ ਜੇਤੂ ਝੋਊ ਤੋਂ 19 ਮਿੰਟ ਤੱਕ ਚੱਲੇ ਮੁਕਾਬਲੇ ’ਚ 7-11, 5-11, 6-11 ਅੰਕਾਂ ਨਾਲ ਹਾਰ ਮਿਲੀ ਪਰ ਉਹ ਮੌਜੂਦਾ ਪੈਰਾਲੰਪਿਕ ਖੇਡਾਂ ਵਿੱਚ ਭਾਰਤ ਨੂੰ ਪਹਿਲਾ ਤਗਮਾ ਦਿਵਾਉਣ ਵਿੱਚ ਸਫ਼ਲ ਰਹੀ। ਵੀਲ੍ਹ ਚੇਅਰ ’ਤੇ ਬੈਠ ਕੇ ਖੇਡਣ ਵਾਲੀ ਭਾਵਿਨਾਬੇਨ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਆਪਣੇ ਗਰੁੱਪ ਮੈਚ ਵਿੱਚ ਵੀ ਝੋਊ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਨੇ ਕਿਹਾ, ‘ਮੈਂ ਤੁਹਾਨੂੰ ਭਰੋਸਾ ਦਿੰਦੀ ਹਾਂ ਕਿ ਅਗਲੀ ਵਾਰ ਜਦੋਂ ਮੈਂ ਉਸ ਦਾ ਸਾਹਮਣਾ ਕਰਾਂਗੀ ਤਾਂ ਵੱਖਰੀ ਨਜ਼ਰ ਆਵਾਂਗੀ। ਉਸ ਨੇ ਸਪੱਸ਼ਟ ਤੌਰ ’ਤੇ ਦਬਦਬਾ ਕਾਇਮ ਕੀਤਾ ਅਤੇ ਮੇਰੇ ਯਤਨਾਂ ਨੂੰ ਠੁੱਸ ਕਰਨ ਲਈ ਉਸ ਕੋਲ ਸਾਰੇ ਪੈਂਤੜੇ ਸਨ। ਹਾਲਾਂਕਿ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਹ ਤਗਮਾ ਅਹਿਮ ਸਾਬਿਤ ਹੋਵੇਗਾ।’ ਭਾਵਿਨਾਬੇਨ ਨੇ ਸ਼ਨਿਚਰਵਾਰ ਨੂੰ ਹੋਏ ਸੈਮੀ ਫਾਈਨਲ ਵਿੱਚ ਦੁਨੀਆ ਦੀ ਤੀਜਾ ਦਰਜਾ ਪ੍ਰਾਪਤ ਚੀਨੀ ਖਿਡਾਰਨ ਮਿਆਓ ਝਾਂਗ ਨੂੰ ਹਰਾ ਕੇ ਫਾਈਨਲ ’ਚ ਪਹੁੰਚੀ ਸੀ। ਜ਼ਿਕਰਯੋਗ ਹੈ ਕਿ ਪੰਜ ਸਾਲ ਪਹਿਲਾਂ ਭਾਵਿਨਾਬੇਨ ਆਪਣੇ ਦਸਤਾਵੇਜ਼ਾਂ ਵਿੱਚ ਕੁਝ ਸਮੱਸਿਆ ਕਾਰਨ ਰੀਓ ਓਲੰਪਿਕ ਵਿੱਚ ਨਹੀਂ ਜਾ ਸਕੀ ਸੀ ਪਰ ਹੁਣ ਉਨ੍ਹਾਂ ਤਗਮਾ ਜਿੱਤ ਕੇ ਇਸ ਉਦਾਸੀ ਨੂੰ ਲਾਹ ਦਿੱਤਾ ਹੈ।
ਇਸੇ ਦੌਰਾਨ ਨਿਸ਼ਾਦ ਕੁਮਾਰ ਨੇ ਉੱਚੀ ਛਾਲ ਟੀ46 ਮੁਕਾਬਲੇ ’ਚ ਏਸ਼ਿਆਈ ਰਿਕਾਰਡ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਕੁਮਾਰ ਨੇ 2.06 ਮੀਟਰ ਦੀ ਛਾਲ ਕੇ ਏਸ਼ਿਆਈ ਰਿਕਾਰਡ ਬਣਾਇਆ ਅਤੇ ਮੁਕਾਬਲੇ ’ਚ ਦੂਜੇ ਸਥਾਨ ’ਤੇ ਰਿਹਾ। ਅਮਰੀਕਾ ਦੇ ਡਲਾਸ ਵਾਈਜ਼ ਨੂੰ ਚਾਂਦੀ ਦਾ ਤਗ਼ਮਾ ਦਿੱਤਾ ਗਿਆ, ਕਿਉਂਕਿ ਉਸ ਨੇ ਵੀ 2.06 ਮੀਟਰ ਉੱਚੀ ਛਾਲ ਮਾਰੀ ਸੀ। ਇਸ ਮੁਕਾਬਲੇ ’ਚ ਸੋਨ ਤਗ਼ਮਾ ਅਮਰੀਕਾ ਦੇ ਰੋਡਰਿਕ ਟਾਊਨਸੈਂਡ (2.25 ਮੀਟਰ ਉੱਚ ਛਾਲ) ਨੇ ਜਿੱਤਿਆ। ਇਸੇ ਦੌਰਾਨ ਵਿਨੋਦ ਕੁਮਾਰ ਨੇ ਪੁਰਸ਼ਾਂ ਦੇ ਐੱਸ52 ਡਿਸਕਸ ਥਰੋਅਰ ਮੁਕਾਬਲੇ ’ਚ ਏਸ਼ਿਆਈ ਰਿਕਾਰਡ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ ਪਰ ਇਕ ਖਿਡਾਰੀ ਵੱਲੋਂ ਉਨ੍ਹਾਂ ਦੀ ਅਪਾਹਜਤਾ ਨੂੰ ਲੈ ਕੇ ਵਿਰੋਧ ਕੀਤੇ ਜਾਣ ’ਤੇ ਉਨ੍ਹਾਂ ਦੇ ਤਗਮੇ ਨੂੰ ਰੋਕ ਲਿਆ ਗਿਆ ਹੈ। ਇਸ ਕਾਰਨ ਉਹ ਆਪਣਾ ਜਸ਼ਨ ਵੀ ਨਹੀਂ ਬਣਾ ਸਕੇ। ਇਸ ਮੁਕਾਬਲੇ ’ਤੇ ਮੈਡਲ ਸਮਾਗਮ ਨੂੰ ਵੀ ਸੋਮਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਬੀਐੱਸਐੱਫ ਜਵਾਨ ਵਿਨੋਦ, ਜਿਨ੍ਹਾਂ ਦੇ ਪਿਤਾ ਨੇ 1971 ਦੀ ਜੰਗ ’ਚ ਹਿੱਸਾ ਲਿਆ ਸੀ, 19.19 ਮੀਟਰ ਡਿਸਕ ਸੁੱਟ ਕੇ ਤੀਜੇ ਸਥਾਨ ’ਤੇ ਰਹੇ। ਮੁਕਾਬਲੇ ’ਚ ਪੋਲੈਂਡ ਦਾ ਪਿਓਟਰ ਕੋਸਵਿਜ਼ (20.02 ਮੀਟਰ) ਪਹਿਲੇ ਅਤੇ ਕਰੋਏਸ਼ੀਆ ਦਾ ਵੇਲੀਮੀਰ ਸੈਂਡਰ (19.98 ਮੀਟਰ) ਦੂਜੇ ਸਥਾਨ ’ਤੇ ਰਿਹਾ। ਜ਼ਿਕਰਯੋਗ ਹੈ ਕਿ ਵਿਨੋਦ ਕੁਮਾਰ ਬੀਐੱਸਐੱਫ ’ਚ ਭਰਤੀ ਹੋਣ ਮਗਰੋਂ ਟਰੇਨਿੰਗ ਦੌਰਾਨ ਲੇਹ ਵਿੱਚ ਇੱਕ ਪਹਾੜ ਤੋਂ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ ਸੀ ਅਤੇ ਲੱਗਪਗ ਇੱਕ ਦਹਾਕਾ ਬਿਸਤਰੇ ’ਤੇ ਰਿਹਾ ਸੀ। ਦੂਜੇ ਪਾਸੇ ਤੀਰਅੰਦਾਜ਼ ਰਾਕੇਸ਼ ਕੁਮਾਰ ਅਤੇ ਜਯੋਤੀ ਬਾਲਿਆਨ ਦੀ ਜੋੜੀ ਦੇ ਕੁਆਰਟਰ ਫਾਈਨਲ ’ਚ ਹਾਰਨ ਮਗਰੋਂ ਟੋਕੀਓ ਪੈਰਾਲੰਪਿਕ ਦੇ ਕੰਪਾਊਂਡ ਮਿਕਸ ਓਪਨ ਦੇ ਤੀਰਅੰਦਾਜ਼ੀ ਮੁਕਾਬਲਿਆਂ ’ਚ ਭਾਰਤ ਦੀ ਚੁਣੌਤੀ ਖਤਮ ਹੋ ਗਈ ਹੈ। ਮਹਿਲਾ ਕੰਪਾਊਂਡ ਓਪਨ ਵਰਗ ’ਚ ਵੀ ਭਾਰਤੀ ਦੀ ਚੁਣੌਤੀ ਖਤਮ ਹੋ ਗਈ ਹੈ। ਪੁਰਸ਼ਾਂ ਦੇ ਰੀਕਰਵ ਓਪਨ ਵਰਗ ’ਚ ਹੁਣ ਭਾਰਤ ਦੇ ਵਿਵੇਕ ਚੰਦਰ ਅਤੇ ਹਰਵਿੰਦਰ ਸਿੰਘ ਸ਼ੁੱਕਰਵਾਰ ਨੂੰ ਆਪਣੀ ਚੁਣੌਤੀ ਪੇਸ਼ ਕਰਨਗੇ।
ਲੋਕਾਂ ਦਾ ਅਪਾਹਜਾਂ ਪ੍ਰਤੀ ਨਜ਼ਰੀਆ ਬਦਲਣ ਦੀ ਉਮੀਦ: ਭਾਵਿਨਾਬੇਨ
ਭਾਵਿਨਾਬੇਨ ਨੇ ਉਮੀਦ ਪ੍ਰਗਟਾਈ ਕਿ ਉਨ੍ਹਾਂ ਦੀ ਸਫ਼ਲਤਾ ਨਾਲ ਅਪਾਹਜਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲੇਗਾ। ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਜਿਸ ਹਾਲਾਤ ਵਿੱਚੋਂ ਉਹ ਗੁਜ਼ਰੀ ਹੈ, ਅਪਾਹਜਾਂ ਦੀ ਅਗਲੀ ਪੀੜ੍ਹੀ ਵੀ ਉਹ ਸਭ ਕੁਝ ਝੱਲੇ। ਉਨ੍ਹਾਂ ਕਿਹਾ, ‘ਮੈਨੂੰ ਪਤਾ ਹੈ ਕਿ ਦੇਸ਼ ਦੇ ਕਰੋੜਾਂ ਲੋਕ ਮੇਰੀ ਜਿੱਤ ਲਈ ਦੁਆ ਕਰ ਰਹੇ ਸਨ, ਉਨ੍ਹਾਂ ਸਾਰਿਆਂ ਦਾ ਸ਼ੁਕਰੀਆ।’ -ਪੀਟੀਆਈ
ਭਾਵਿਨਾਬੇਨ ਨੂੰ ਤਿੰਨ ਕਰੋੜ ਰੁਪਏ ਦੇਵੇਗੀ ਗੁਜਰਾਤ ਸਰਕਾਰ
ਅਹਿਮਦਾਬਾਦ: ਗੁਜਰਾਤ ਸਰਕਾਰ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿੱਚ ਚਾਂਦੀ ਦਾ ਤਗਮਾ ਜੇਤੂ ਭਾਵਿਨਾਬੇਨ ਨੂੰ ਤਿੰਨ ਕਰੋੜ ਰੁਪਏ ਇਨਾਮ ਵਜੋਂ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਵਿਜੇ ਰੂਪਾਨੀ ਨੇ ਗੁਜਰਾਤ ਦੇ ਮਹਿਸਾਨਾ ਜ਼ਿਲ੍ਹੇ ਦੀ ਧੀ ਭਾਵਿਨਾਬੇਨ ਪਟੇਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਨੇ ਪੈਰਾਲੰਪਿਕ ਖੇਡਾਂ ਵਿੱਚ ਟੇਬਲ ਟੈਨਿਸ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਨੂੰ ਮਾਣ ਦਿਵਾਇਆ ਹੈ। ਭਾਰਤ ਦੀ ਟੇਬਲ ਟੈਨਿਸ ਫੈਡਰੇਸ਼ਨ ਨੇ ਅੱਜ ਭਾਵਿਨਾਬੇਨ ਪਟੇਲ ਨੂੰ 31 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਆਈਆਈਐੱਫਆਈ ਦੇ ਪ੍ਰਧਾਨ ਦੁਸ਼ਿਅੰਤ ਚੌਟਾਲਾ ਨੇ ਸੋਸ਼ਲ ਮੀਡੀਆ ’ਤੇ ਨਕਦ ਰਾਸ਼ੀ ਦੇ ਇਨਾਮ ਦਾ ਐਲਾਨ ਕੀਤਾ। -ਪੀਟੀਆਈ
ਭਾਵਿਨਾ ’ਤੇ ਦੇਸ਼ ਨੂੰ ਮਾਣ: ਰਾਹੁਲ ਗਾਂਧੀ
ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗਮਾ ਫੁੰਡਣ ਵਾਲੀ ਟੇਬਲ ਟੈਨਿਸ ਖਿਡਾਰਨ ਭਾਵਿਨਾਬੇਨ ਪਟੇਲ ਦੀ ਵਡਿਆਈ ਕੀਤੀ। ਉਨ੍ਹਾਂ ਕਿਹਾ ਕਿ ਭਾਵਿਨਾ ਨੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਟਵੀਟ ਕੀਤਾ, ‘ਚਾਂਦੀ ਦਾ ਤਗਮਾ ਜਿੱਤਣ ਲਈ ਭਾਵਿਨਾ ਨੂੰ ਵਧਾਈ। ਭਾਰਤ ਤੁਹਾਡੀ ਉਪਲੱਬਧੀ ਨੂੰ ਵਡਿਆਉਂਦਾ ਹੈ, ਤੁਸੀਂ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ।’
ਪਟਨਾ/ਸ੍ਰੀਨਗਰ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਟੋਕੀਓ ਪੈਰਾਲੰਪਿਕ ਵਿੱਚ ਟੇਬਲ ਟੈਨਿਸ ਮੁਕਾਬਲੇ ਵਿੱਚ ਤਗਮਾ ਜਿੱਤਣ ’ਤੇ ਭਾਰਤੀ ਖਿਡਾਰਨ ਭਾਵਿਨਾਬੇਨ ਪਟੇਲ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਿਹਰੇ ਭਵਿੱਖ ਦੀ ਦੁਆ ਕੀਤੀ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ ਕਿ ਪੂਰਾ ਦੇਸ਼ ਭਾਵਿਨਾਬੇਨ ਦੇ ਦ੍ਰਿੜ੍ਹ ਇਰਾਦੇ ਨੂੰ ਸਲਾਮ ਕਰਦਾ ਹੈ। -ਪੀਟੀਆਈ