ਨਵੀਂ ਦਿੱਲੀ, 9 ਮਾਰਚ
ਡਿਫੈਂਡਰ ਅਕਸ਼ਿਤਾ ਅਬਾਸੋ ਢੇਕਾਲੇ ਤੇ ਸਟ੍ਰਾਈਕਰ ਦੀਪਿਕਾ ਜੂਨੀਅਰ ਦੇ ਰੂਪ ਵਿਚ ਦੋ ਨਵੇਂ ਚਿਹਰੇ ਭਾਰਤ ਦੀ 22 ਮੈਂਬਰੀ ਮਹਿਲਾ ਹਾਕੀ ਟੀਮ ਵਿਚ ਸ਼ਾਮਲ ਕੀਤੇ ਗਏ ਹਨ ਜੋ ਸ਼ਨਿਚਰਵਾਰ ਤੇ ਐਤਵਾਰ ਨੂੰ ਐਫਆਈਐਚ ਪ੍ਰੋ ਲੀਗ ਮੈਚਾਂ ਵਿਚ ਦੁਨੀਆ ਦੀ ਪੰਜਵੇਂ ਨੰਬਰ ਦੀ ਟੀਮ ਜਰਮਨੀ ਦਾ ਸਾਹਮਣਾ ਕਰਨਗੀਆਂ। ਗੋਲਕੀਪਰ ਸਵਿਤਾ ਨੂੰ ਕਪਤਾਨ ਬਣਾਇਆ ਗਿਆ ਹੈ ਜਦਕਿ ਡਿਫੈਂਡਰ ਦੀਪ ਗ੍ਰੇਸ ਏਕਾ ਉਨ੍ਹਾਂ ਨਾਲ ਉਪ ਕਪਤਾਨ ਹੋਵੇਗੀ। ਮਹਾਰਾਸ਼ਟਰ ਦੀ ਅਕਸ਼ਿਤਾ ਤੇ ਹਰਿਆਣਾ ਦੀ ਦੀਪਿਕਾ ਜੂਨੀਅਰ ਦੋਵਾਂ ਨੂੰ ਹਾਕੀ ਇੰਡੀਆ ਰਾਸ਼ਟਰੀ ਚੈਂਪੀਅਨਸ਼ਿਪ ਵਿਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਸੀਨੀਅਰ ਕੋਰ ਗਰੁੱਪ ਵਿਚ ਚੁਣਿਆ ਗਿਆ ਸੀ। ਟੀਮ ਦੀ ਚੋਣ ’ਤੇ ਗੱਲ ਕਰਦਿਆਂ ਭਾਰਤੀ ਮਹਿਲਾ ਹਾਕੀ ਟੀਮ ਦੀ ਮੁੱਖ ਕੋਚ ਯਾਨੇਕ ਸ਼ੋਪਮੈਨ ਨੇ ਕਿਹਾ ਕਿ ਇਕ ਮਜ਼ਬੂਤ ਵਿਰੋਧੀ ਖ਼ਿਲਾਫ਼ ਘਰੇਲੂ ਮੈਦਾਨ ਉਤੇ ਲਗਾਤਾਰ ਦੋ ਮੈਚ ਖੇਡਣ ਲਈ ਉਹ ਉਤਸ਼ਾਹਿਤ ਹਨ। ਜਰਮਨੀ ਦੀ ਟੀਮ ਕੌਸ਼ਲ ਦੇ ਮਾਮਲੇ ਵਿਚ ਦੁਨੀਆ ਦੀ ਸਰਵੋਤਮ ਟੀਮ ਹੈ। ਉਨ੍ਹਾਂ ਕਿਹਾ ਕਿ ਟੀਮ ਵਿਚ ਨੌਜਵਾਨਾਂ ਤੇ ਤਜਰਬੇ ਦਾ ਚੰਗਾ ਮਿਸ਼ਰਣ ਰੱਖਿਆ ਗਿਆ ਹੈ। -ਪੀਟੀਆਈ