ਕੂਲਿਜ (ਐਂਟੀਗਾ): ਭਾਰਤੀ ਟੀਮ ਅੰਡਰ-19 ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪਹੁੰਚ ਗਈ ਹੈ। ਭਾਰਤੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਮਿਲਿਆ 112 ਦੌੜਾਂ ਦਾ ਟੀਚਾ 30.5 ਓਵਰਾਂ ਵਿੱਚ ਸਰ ਕਰਦਿਆਂ ਬੰਗਲਾਦੇਸ਼ ਦੀ ਟੀਮ ਨੂੰ 5 ਵਿਕਟਾਂ ਨਾਲ ਮਾਤ ਦਿੱਤੀ ਅਤੇ ਨਾਲ ਹੀ ਪਿਛਲੀ ਵਾਰ ਵਿਸ਼ਵ ਕੱਪ ਦੇ ਫਾਈਨਲ ਵਿੱਚ ਮਿਲੀ ਹਾਰ ਦਾ ਹਿਸਾਬ ਵੀ ਬਰਾਬਰ ਕਰ ਲਿਆ। ਚਾਰ ਵਾਰ ਦੇ ਚੈਂਪੀਅਨ ਭਾਰਤ ਦਾ ਸੈਮੀ ਫਾਈਨਲ ਵਿੱਚ ਮੁਕਾਬਲਾ ਆਸਟਰੇਲੀਆ ਨਾਲ ਹੋਵੇਗਾ। ਸ਼ਨਿਚਰਵਾਰ ਨੂੰ ਖੇਡੇ ਗਏ ਕੁਆਰਟਰ ਫਾਈਨਲ ਵਿੱਚ ਭਾਰਤੀ ਗੇਂਦਬਾਜ਼ਾਂ ਅੱਗੇ ਬੇਵੱਸ ਹੁੰਦਿਆਂ ਬੰਗਲਾਦੇਸ਼ ਦੀ ਟੀਮ 37.1 ਓਵਰਾਂ ਵਿੱਚ 111 ਦੌੜਾਂ ਹੀ ਬਣਾ ਸਕੀ। ਇੱਕ ਸਮੇਂ ਬੰਗਲਾਦੇਸ਼ ਦੀਆਂ 56 ਦੌੜਾਂ ’ਤੇ 5 ਵਿਕਟਾਂ ਡਿੱਗ ਚੁੱਕੀਆਂ ਸਨ, ਜਿਸ ਮਗਰੋਂ ਐੱਸਐੱਮ ਮਹਿਰੋਬ ਨੇ 30 ਦੌੜਾਂ ਅਤੇ ਅਸ਼ੀਫੁਰ ਜ਼ਮਾਂ ਨੇ 16 ਦੌੜਾਂ ਬਣਾ ਕੇ ਅੱਠਵੀਂ ਵਿਕਟ ਲਈ 50 ਦੌੜਾਂ ਦੀ ਭਾਈਵਾਲੀ ਕਰਦਿਆਂ ਟੀਮ ਦਾ ਸਕੋਰ ਤੋਂ 100 ਤੋਂ ਪਾਰ ਪਹੁੰਚਾਇਆ। ਜਵਾਬ ਵਿੱਚ ਖੇਡਦਿਆਂ ਭਾਰਤੀ ਟੀਮ ਨੇ 30.5 ਓਵਰਾਂ ਵਿਚ 5 ਵਿਕਟਾਂ ਗੁਆ ਕੇ 117 ਦੌੜਾਂ ਬਣਾਉਂਦਿਆਂ ਜਿੱਤ ਹਾਸਲ ਕੀਤੀ। -ਪੀਟੀਆਈ