ਡਬਲਿਨ: ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਯੂਨੀਫਰ ਅੰਡਰ-23 ਪੰਜ ਦੇਸ਼ੀ ਟੂਰਨਾਮੈਂਟ ਵਿੱਚ ਐਤਵਾਰ ਨੂੰ ਆਪਣਾ ਪਹਿਲਾ ਮੁਕਾਬਲਾ ਆਇਰਲੈਂਡ ਖ਼ਿਲਾਫ਼ ਖੇਡੇਗੀ। ਭਾਰਤੀ ਟੀਮ ਨੇ ਆਪਣਾ ਆਖਰੀ ਟੂਰਨਾਮੈਂਟ ਇਸ ਸਾਲ ਅਪਰੈਲ ਮਹੀਨੇ ਦੱਖਣੀ ਅਫਰੀਕਾ ਵਿੱਚ ਜੂਨੀਅਰ ਵਿਸ਼ਵ ਕੱਪ ਖੇਡਿਆ ਸੀ। ਯੂਨੀਫਰ ਅੰਡਰ-23 ਟੂਰਨਾਮੈਂਟ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਮੁਕਾਬਲਾ ਆਇਰਲੈਂਡ, ਨੈਦਰਲੈਂਡਜ਼, ਯੂਕਰੇਨ ਅਤੇ ਅਮਰੀਕਾ ਨਾਲ ਹੋਵੇਗਾ। ਆਇਰਲੈਂਡ ਨਾਲ 19 ਜੂਨ ਨੂੰ ਮੈਚ ਮਗਰੋਂ ਭਾਰਤੀ ਟੀਮ 20 ਜੂਨ ਨੂੰ ਨੈਦਰਲੈਂਡਜ਼, 22 ਜੂਨ ਨੂੰ ਯੂਕਰੇਨ ਅਤੇ 23 ਜੂਨ ਨੂੰ ਅਮਰੀਕਾ ਖ਼ਿਲਾਫ਼ ਮੈਚ ਖੇਡੇਗੀ। ਰੌਬਿਨ ਰਾਊਂਡ ਗੇੜ ਮਗਰੋਂ ਦੋ ਸਿਖਰਲੀਆਂ ਟੀਮਾਂ ਫਾਈਨਲ ਖੇਡਣਗੀਆਂ ਜਦਕਿ ਤੀਜੇ ਤੇ ਚੌਥੇ ਸਥਾਨ ਵਾਲੀਆਂ ਟੀਮਾਂ ਵਿਚਾਲੇ ਕਾਂਸੀ ਦੇ ਤਗ਼ਮੇ ਲਈ ਮੁਕਾਬਲਾ ਹੋਵੇਗਾ। ਫਾਈਨਲ ਤੇ ਕਾਂਸੀ ਦੇ ਤਗ਼ਮੇ ਲਈ ਮੈਚ 26 ਜੂਨ ਨੂੰ ਖੇਡੇ ਜਾਣਗੇ। ਹਾਕੀ ਇੰਡੀਆ ਵੱਲੋਂ ਜਾਰੀ ਇੱਕ ਬਿਆਨ ਵਿੱਚ ਭਾਰਤੀ ਟੀਮ ਦੀ ਕਪਤਾਨ ਵੈਸ਼ਨਵੀ ਵਿੱਠਲ ਫਾਲਕੇ ਨੇ ਕਿਹਾ, ‘‘ਇੱਥੇ ਅਭਿਆਸ ਦੌਰਾਨ ਸਾਡਾ ਪ੍ਰਦਰਸ਼ਨ ਵਧੀਆ ਰਿਹਾ ਹੈ ਅਤੇ ਉਮੀਦ ਹੈ ਕਿ ਅਸੀਂ ਟੂਰਨਾਮੈਂਟ ਵਿੱਚ ਇਸ ਨੂੰ ਦੁਹਰਾ ਸਕਾਂਗੇ।’’ -ਪੀਟੀਆਈ