ਨਿਊਯਾਰਕ: ਕੈਨੇਡਾ ਦੀ ‘ਜਾਂਇੰਟ ਕਿੱਲਰ’ ਲੈਲਾ ਫਰਨਾਂਡੇਜ਼ ਨੇ ਦੋ ਸਾਬਕਾ ਚੈਂਪੀਅਨਾਂ ਨੂੰ ਹਰਾ ਕੇ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ’ਚ ਥਾਂ ਬਣਾ ਲਈ ਹੈ। ਆਪਣੇ 19ਵੇਂ ਜਨਮ ਦਿਨ ਤੋਂ ਇੱਕ ਦਿਨ ਪਹਿਲਾਂ ਗ਼ੈਰ-ਦਰਜਾ ਪ੍ਰਾਪਤ ਟੈਨਿਸ ਖਿਡਾਰਨ ਲੈਲਾ ਫਰਨਾਂਡਿਜ਼ ਨੇ 2016 ਦੀ ਜੇਤੂ ਐਂਜਲਿਕ ਕਰਬਰ ਨੂੰ 4-6, 7-6, 6-2 ਨਾਲ ਹਰਾਇਆ। ਇਸ ਤੋਂ ਪਹਿਲਾਂ ਉਸ ਨੇ ਸਾਬਕਾ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਨੂੰ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਕੀਤਾ ਸੀ। ਕੁਆਰਟਰ ਫਾਈਨਲ ’ਚ ਲੈਲਾ ਦਾ ਸਾਹਮਣਾ ਪੰਜਵਾਂ ਦਰਜਾ ਪ੍ਰਾਪਤ ਯੂਕਰੇਨ ਦੀ ਐਲਿਨਾ ਸਵਿਤੋਲੀਨਾ ਨਾਲ ਹੋਵੇਗਾ। ਇਸੇ ਦੌਰਾਨ ਫਰੈਂਚ ਓਪਨ ਚੈਂਪੀਅਨ ਬਾਰਬਰਾ ਕ੍ਰੇਸੀਕੋਵਾ ਵੀ ਦੋ ਵਾਰ ਦੀ ਗਰੈਂਡ ਸਲੈਮ ਚੈਂਪੀਅਨ ਗੈਰਾਬਾਇਨ ਮੁਗੂਰੁਜ਼ਾ ਨੂੰ 6-3, 7-6 ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਉਸ ਦਾ ਮੁਕਾਬਲਾ ਹੁਣ ਚੈੱਕ ਗਣਰਾਜ ਦੀ ਏਰਿਨਾ ਸਬਾਲੇਂਕਾ ਨਾਲ ਹੋਵੇਗਾ। ਦੂਜੇ ਪਾਸੇ ਪੁਰਸ਼ਾਂ ਦੇ ਸਿੰਗਲ ਵਰਗ ’ਚ 18 ਵਰ੍ਹਿਆਂ ਦਾ ਕਾਰਲੋਸ ਅਲਕਾਰੇਜ 1963 ਤੋਂ ਬਾਅਦ ਕੁਆਰਟਰ ਫਾਈਨਲ ਪਹੁੰਚਣ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ ਹੈ। ਸਪੇਨ ਦੇ ਕਾਰਲੋਸ ਨੇ ਜਰਮਨੀ ਦੇ ਪੀਟਰ ਜੋਜੋਵਿਸਕ ਨੂੰ 5-7, 6-1, 5-7, 6-2, 6-0 ਨਾਲ ਹਰਾਇਆ। ਕੁਆਰਟਰ ਫਾਈਨਲ ’ਚ ਕਾਰਲੋਸ ਦਾ ਸਾਹਮਣਾ ਕੈਨੇਡਾ ਦੇ ਫੈਲਿਕਸ ਓਗਰ ਐਲਿਆਸਿਮੇ ਨਾਲ ਹੋਵੇਗਾ ਜਦਕਿ ਡਿਏਗੋ ਸ਼ਵਾਰਟਜ਼ਮੈਨ ਦਾ ਮੁਕਾਬਲਾ ਰੂਸ ਦੇ ਦਾਨਿਲ ਮੈਦਵੇਦੇਵ ਨਾਲ ਹੋਵੇਗਾ। -ਏਪੀ