ਨਿਊਯਾਰਕ: ਅਮਰੀਕਾ ਦੀ 18 ਸਾਲਾਂ ਦੀ ਕੋਕੋ ਗੌਫ ਨੇ ਚੀਨ ਦੀ ਸ਼ੁਆਈ ਜ਼ੈਂਗ ਨੂੰ 7-5, 7-5 ਨਾਲ ਹਰਾ ਕੇ ਪਹਿਲੀ ਵਾਰ ਅਮਰੀਕੀ ਓਪਨ ਦੇ ਕੁਆਰਟਰ ਫਾਈਨਲ ਵਿਚ ਦਾਖਲਾ ਹਾਸਲ ਕਰ ਲਿਆ। ਫਰੈਂਚ ਓਪਨ ਦੀ ਉਪ ਜੇਤੂ ਕੋਕੋ ਗੌਫ ਮੇਲਾਨੀ ਓਡਿਨ ਤੋਂ ਬਾਅਦ ਅਮਰੀਕੀ ਓਪਨ ਦੇ ਆਖਰੀ ਅੱਠਾਂ ਵਿਚ ਪਹੁੰਚਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ ਹੈ। ਓਡਿਨ 2009 ਵਿਚ 17 ਸਾਲ ਦੀ ਉਮਰ ਵਿਚ ਇੱਥੇ ਤੱਕ ਪਹੁੰਚੀ ਸੀ। ਪੁਰਸ਼ ਵਰਗ ਵਿਚ 23ਵਾਂ ਦਰਜਾ ਹਾਸਲ ਨਿਕ ਕਿਰਗਿਓਜ਼ ਨੇ ਸਾਬਕਾ ਚੈਂਪੀਅਨ ਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਦਾਨਿਲ ਮੈਦਵੇਦੇਵ ਨੂੰ 7-6, 3-6, 6-3, 6-2 ਨਾਲ ਹਰਾਇਆ। ਅਮਰੀਕੀ ਓਪਨ ਤੋਂ ਬਾਅਦ ਮੈਦਵੇਦੇਵ ਦੀ ਸਿਖ਼ਰਲੀ ਰੈਂਕਿੰਗ ਵੀ ਚਲੀ ਜਾਵੇਗੀ। ਰਾਫੇਲ ਨਾਡਾਲ, ਕਾਰਲੋਸ ਅਲਕਾਰੇਜ ਵਿਚੋਂ ਕੋਈ ਉਨ੍ਹਾਂ ਦੀ ਥਾਂ ਲਏਗਾ। -ਏਪੀ