ਨਿਊਯਾਰਕ, 4 ਸਤੰਬਰ
ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸੇਰੇਨਾ ਵਿਲੀਅਮਜ਼ ਮਗਰੋਂ ਕੋਕੋ ਗੌਫ ਲਗਾਤਾਰ ਦੂਜੀ ਵਾਰ ਅਮਰੀਕੀ ਓਪਨ ਕੁਆਰਟਰ ਫਾਈਨਲ ਵਿੱਚ ਪਹੁੰਚਣ ਵਾਲੀ ਆਪਣੇ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ, ਜਦਕਿ ਪੁਰਸ਼ ਵਰਗ ਵਿੱਚ ਨੋਵਾਕ ਜੋਕੋਵਿਚ ਨੇ ਵੀ ਆਖ਼ਰੀ ਅੱਠ ਵਿੱਚ ਜਗ੍ਹਾ ਬਣਾਈ। ਕੋਕੋ ਗੌਫ (19) ਨੇ ਸਾਬਕਾ ਆਸਟਰੇਲਿਆਈ ਓਪਨ ਚੈਂਪੀਅਨ ਕੈਰੋਨਿਨ ਵੋਜਿਨਯਾਕੀ (33) ਨੂੰ 6-3, 3-6, 6-1 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ 20ਵਾਂ ਦਰਜਾ ਪ੍ਰਾਪਤ 2017 ਫਰੈਂਚ ਓਪਨ ਚੈਂਪੀਅਨ ਯੇਲੇਨਾ ਓਸਟਾਪੇਂਕੋ ਨਾਲ ਹੋਵੇਗਾ, ਜਿਸ ਨੇ ਸਾਬਕਾ ਚੈਂਪੀਅਨ ਇਗਾ ਸਵਿਆਤੇਕ ਨੂੰ 3-6, 6-3, 6-1 ਨਾਲ ਹਰਾਇਆ। ਇਸ ਹਾਰ ਨਾਲ ਸਵਿਆਤੇਕ ਆਪਣੀ ਨੰਬਰ ਇੱਕ ਰੈਂਕਿੰਗ ਵੀ ਗੁਆ ਦੇਵੇਗੀ ਅਤੇ ਅਰੀਨਾ ਸਬਾਲੇਂਕਾ ਪਹਿਲੀ ਵਾਰ ਦੁਨੀਆ ਦੀ ਚੋਟੀ ਦੀ ਖਿਡਾਰਨ ਬਣੇਗੀ। ਇਸੇ ਤਰ੍ਹਾਂ 23 ਵਾਰ ਦੇ ਗਰੈਂਡਸਲੈਮ ਚੈਂਪੀਅਨ ਜੋਕੋਵਿਚ ਨੇ ਕੁਆਲੀਫਾਇਰ ਬੋਰਨਾ ਗੋਜੋ ਨੂੰ 6-2, 7-5, 6-4 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਅਮਰੀਕਾ ਦੇ ਨੌਵਾਂ ਦਰਜਾ ਪ੍ਰਾਪਤ ਟੇਲਰ ਫਰਿਟਜ਼ ਨਾਲ ਹੋਵੇਗਾ, ਜਿਸ ਨੇ ਸਵਿਟਜ਼ਰਲੈਂਡ ਦੇ ਕੁਆਲੀਫਾਇਰ ਡੋਮਿਨਿਕ ਸਿਟਕਰ ਨੂੰ 7-6, 6-4, 6-4 ਨਾਲ ਹਰਾਇਆ। -ਏਪੀ
ਬੋਪੱਨਾ-ਅਬਡੇਨ ਦੀ ਜੋੜੀ ਕੁਆਰਟਰ ਫਾਈਨਲਵਿੱਚ
ਨਿਊਯਾਰਕ: ਭਾਰਤ ਦੇ ਰੋਹਨ ਬੋਪੱਨਾ ਅਤੇ ਆਸਟਰੇਲੀਆ ਦੇ ਮੈਥਿਊ ਅਡਬੇਨ ਦੀ ਜੋੜੀ ਜੂਲੀਅਨ ਕੈਸ਼ ਅਤੇ ਹੈਨਰੀ ਪਾਟੇਨ ਦੀ ਜੋੜੀ ਨੂੰ ਸਖ਼ਤ ਮੁਕਾਬਲੇ ਵਿੱਚ ਤਿੰਨ ਸਿੱਧੇ ਸੈੱਟਾਂ ’ਚ ਹਰਾ ਕੇ ਅਮਰੀਕੀ ਓਪਨ ਪੁਰਸ਼ ਡਬਲਜ਼ ਕੁਆਟਰ ਫਾਈਨਲ ’ਚ ਪਹੁੰਚ ਗਈ ਹੈ। ਛੇਵਾਂ ਦਰਜਾ ਪ੍ਰਾਪਤ ਬੋਪੱਨਾ ਅਤੇ ਅਬਡੇਨ ਦੀ ਜੋੜੀ ਨੇ ਬਰਤਾਨਵੀ ਜੋੜੀ ਖ਼ਿਲਾਫ਼ 6-4, 6-7, 7-6 ਨਾਲ ਜਿੱਤ ਦਰਜ ਕੀਤੀ। ਇਹ ਮੁਕਾਬਲਾ ਕਰੀਬ ਦੋ ਘੰਟੇ 22 ਮਿੰਟ ਤੱਕ ਚੱਲਿਆ। ਇਸ ਸਾਲ ਵਿੰਬਲਡਨ ਸੈਮੀਫਾਈਨਲ ਤੱਕ ਪਹੁੰਚਣ ਵਾਲੇ ਬੋਪੱਨਾ ਅਤੇ ਅਬਡੇਨ ਨੇ 13 ਏਸ ਲਗਾਏ। ਹੁਣ ਉਨ੍ਹਾਂ ਦਾ ਸਾਹਮਣਾ ਸਿਖਰਲਾ ਦਰਜਾ ਪ੍ਰਾਪਤ ਨੀਦਰਲੈਂਡਜ਼ ਦੇ ਵੇਸਲੀ ਕੂਲਹੋਫ ਤੇ ਬਰਤਾਨੀਆ ਦੇ ਨੀਲ ਸਕੂਪਸਕੀ ਅਤੇ ਅਮਰੀਕਾ ਦੇ ਨਾਥਨਿਆਲ ਲਾਮੋਂਸ ਤੇ ਜੈਕਸਨ ਵਿਥਰੋ ਦਰਮਿਆਨ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ। -ਪੀਟੀਆਈ