ਫੋਰਟ ਵਰਥ (ਅਮਰੀਕਾ), 28 ਜੂਨ
ਭਾਰਤ ਦੇ ਪ੍ਰਿਯਾਂਸ਼ੂ ਰਾਜਾਵਤ ਨੇ ਅੱਜ ਇੱਥੇ ਚੀਨੀ ਤਾਇਪੇ ਦੇ ਹੁਆਂਗ ਯੂ ਕਾਈ ਨੂੰ ਹਰਾ ਕੇ ਯੂਐੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਅੱਠਵਾਂ ਦਰਜਾ ਪ੍ਰਾਪਤ ਰਾਜਾਵਤ ਨੇ ਹੁਆਂਗ 21-18, 21-16 ਨਾਲ ਹਰਾਇਆ। ਹੁਣ ਉਸ ਦਾ ਮੁਕਾਬਲਾ ਚੌਥਾ ਦਰਜਾ ਪ੍ਰਾਪਤ ਚੀਨ ਦੇ ਲੇਈ ਲਾਨ ਜ਼ੀ ਨਾਲ ਹੋਵੇਗਾ। ਮਹਿਲਾ ਸਿੰਗਲਜ਼ ਵਿੱਚ ਸੱਤਵਾਂ ਦਰਜਾ ਪ੍ਰਾਪਤ ਮਾਲਵਿਕਾ ਬੰਸੋਦ ਵੀ ਆਖਰੀ ਅੱਠ ਵਿੱਚ ਥਾਂ ਬਣਾਉਣ ’ਚ ਸਫਲ ਰਹੀ। ਉਸ ਨੇ ਚੈੱਕ ਗਣਰਾਜ ਦੀ ਟੇਰੇਜ਼ਾ ਸਵਾਬੀਕੋਵਾ ਨੂੰ 15-21, 21-19, 21-14 ਨਾਲ ਹਰਾਇਆ। ਇਸੇ ਤਰ੍ਹਾਂ ਮਹਿਲਾ ਡਬਲਜ਼ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਤਰੀਸਾ ਜੌਲੀ ਅਤੇ ਗਾਇਤਰੀ ਗੋਪੀਚੰਦ ਦੀ ਜੋੜੀ ਵੀ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। -ਪੀਟੀਆਈ