ਕਾਉਂਸਿਲ ਬਲੱਫਸ (ਅਮਰੀਕਾ), 13 ਜੁਲਾਈ
ਓਲੰਪਿਕ ਤਗ਼ਮਾ ਜੇਤੂ ਭਾਰਤੀ ਖਿਡਾਰਨ ਪੀ.ਵੀ. ਸਿੰਧੂ ਨੇ ਭਾਰਤੀ ਮੂੁਲ ਦੀ ਅਮਰੀਕੀ ਖਿਡਾਰਨ ਦੀਕਸ਼ਾ ਗੁਪਤਾ ਨੂੰ ਅਤੇ ਲਕਸ਼ੈ ਸੇਨ ਨੇ ਪੁਰਸ਼ ਸਿੰਗਲਜ਼ ’ਚ ਫਿਨਲੈਂਡ ਦੇ ਕੇ. ਕੋਲਜੋਨੇਨ ਨੂੰ ਹਰਾ ਕੇ ਇੱਥੇ ਯੂਐੱਸ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ’ਚ ਜੇਤੂ ਸ਼ੁਰੂਆਤ ਕੀਤੀ ਹੈ। ਦੋਵੇਂ ਜਣੇ ਆਪੋ ਆਪਣੇ ਦੂਜੇ ਗੇੜ ’ਚ ਪਹੁੰਚ ਗਏ ਹਨ। ਪੁਰਸ਼ ਸਿੰਗਲਜ਼ ਦੇ ਇੱਕ ਹੋਰ ਮੈਚ ਵਿੱਚ ਐੱਸ.ਐੱਸ. ਸੁਬਰਾਮਨੀਅਨ, ਜਿਸ ਨੂੰ ਦੋ ਸਖ਼ਤ ਕੁਆਲੀਫਾਇੰਗ ਮੁਕਾਬਲਿਆਂ ਮਗਰੋਂ ਟੂਰਨਾਮੈਂਟ ’ਚ ਦਾਖਲਾ ਮਿਲਿਆ ਹੈ, ਨੇ ਪਹਿਲੇ ਗੇੜ ’ਚ ਆਇਰਲੈਂਡ ਦੇ ਐੱਨ. ਗੁਏਨ ਨੂੰ 21-11, 21-16 ਨਾਲ ਹਰਾਇਆ। ਹਾਲਾਂਕਿ ਭਾਰਤ ਦੇ ਬੀ. ਸਾਈ ਪ੍ਰਨੀਤ ਨੂੰ ਚੀਨ ਦੇ ਲੀ ਸ਼ੀ ਫੇਂਗ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮਹਿਲਾ ਸਿੰਗਲਜ਼ ਵਰਗ ’ਚ ਪੀ.ਵੀ. ਸਿੰਧੂ ਨੇ ਦੀਕਸ਼ਾ ਨੂੰ ਸਿਰਫ਼ 21 ਮਿੰਟਾਂ ਵਿੱਚ 21-15, 21-12 ਨਾਲ ਹਰਾ ਕੇ ਦੂਜੇ ਗੇੜ ’ਚ ਕਦਮ ਰੱਖਿਆ ਜਦਕਿ ਪੁਰਸ਼ ਸਿੰਗਲਜ਼ ਦੇ ਪਹਿਲੇ ਗੇੜ ’ਚ ਲਕਸ਼ੈ ਸੇਨ ਨੇ ਫਿਨਲੈਂਡ ਦੇ ਕੋਲਜੋਨੇਨ ਨੂੰ 30 ਮਿੰਟਾਂ ਤੋਂ ਘੱਟ ਸਮਾਂ ਚੱਲੇ ਮੁਕਾਬਲੇ ਵਿੱਚ 21-8, 21-16 ਨਾਲ ਹਰਾਇਆ। ਬੀ. ਸਾਈ ਪ੍ਰਨੀਤ ਨੇ ਸ਼ੀ ਫੇਂਗ ਹੱਥੋਂ 16-21, 21-14, 21-19 ਨਾਲ ਹਾਰਨ ਤੋਂ ਪਹਿਲਾਂ ਇੱਕ ਘੰਟਾ 14 ਮਿੰਟ ਤੱਕ ਚੱਲੇ ਮੁਕਾਬਲੇ ’ਚ ਚੀਨੀ ਖਿਡਾਰੀ ਨੂੰ ਸਖਤ ਚੁਣੌਤੀ ਦਿੱਤੀ। -ਪੀਟੀਆਈ