ਪ੍ਰਿੰ. ਸਰਵਣ ਸਿੰਘ
ਵਰਿਆਮ ਸਿੰਘ ਸੰਧੂ ਕਹਾਣੀਆਂ ਦਾ ਕੋਹਿਨੂਰ ਹੈ। ਕਹਿਣੀ ਤੇ ਕਰਨੀ ਦਾ ਕੱਦਾਵਰ ਲੇਖਕ। ਲੰਮੀਆਂ ਕਹਾਣੀਆਂ ਦਾ ਕੌਮੀ ਚੈਂਪੀਅਨ। ਉਹਦੀ ਕਹਾਣੀ ‘ਚੌਥੀ ਕੂਟ’ ਭਾਰਤੀ ਭਾਸ਼ਾਵਾਂ ਵਿਚੋਂ ਚੋਟੀ ਦੀਆਂ ਬਾਰਾਂ ਕਹਾਣੀਆਂ ਦੇ ਅੰਗਰੇਜ਼ੀ ਸੰਗ੍ਰਹਿ ‘ਮੈਮੋਰੇਬਲ ਸਟੋਰੀਜ਼ ਆਫ਼ ਇੰਡੀਆ: ਟੈੱਲ ਮੀ ਏ ਲੌਂਗ ਸਟੋਰੀ’ ਵਿਚ ਪ੍ਰਕਾਸ਼ਤ ਹੈ। ਉਹ ਰਣ-ਤੱਤੇ ਵਿਚ ਜੂਝਿਆ ਤੇ ਰਚਨਾਵਾਂ ਵਿਚ ਵੀ ਜੂਝ ਰਿਹੈ। ਪੰਜਾਬੀ ਦਾ ਉਹ ਸ਼ਾਨਾਂਮੱਤਾ ਲੇਖਕ ਹੈ। ਉਸ ਨੇ ਪੰਜਾਬੀ ਖੇਡ ਸਾਹਿਤ ਵਿਚ ਵੀ ਯੋਗਦਾਨ ਪਾਇਆ। ਉਸ ਦੀ ਪੁਸਤਕ ‘ਕੁਸ਼ਤੀ ਦਾ ਧਰੂ ਤਾਰਾ ਕਰਤਾਰ’ ਸੱਤ ਲੱਖ ਰੁਪਏ ਤੋਂ ਵੱਧ ਰਾਇਲਟੀ (ਮਾਣ ਭੇਟਾ) ਕਮਾ ਚੁੱਕੀ ਹੈ। ਪੇਸ਼ ਹੈ ਉਸ ਪੁਸਤਕ ਦਾ ਸੰਖੇਪ ਮੁੱਖ ਬੰਦ:
ਕਰਤਾਰ ਭਲਵਾਨ ਮੇਰਾ ਗਰਾਈਂ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਸੁਰ ਸਿੰਘ ਦਾ ਜੰਮ-ਪਲ। ਸਿੱਖ ਗੁਰੂਆਂ, ਸਿੱਖ ਸੂਰਮਿਆਂ ਅਤੇ ਗ਼ਦਰੀ ਯੋਧਿਆਂ ਦੀਆਂ ਇਤਿਹਾਸਕ ਯਾਦਾਂ ਸੰਭਾਲੀ ਬੈਠਾ ਪਿੰਡ। ਭਲਵਾਨੀ ਦੇ ਖ਼ੇਤਰ ਵਿਚ ਕਰਤਾਰ ਨੇ ਇਸ ਦੇ ਇਤਿਹਾਸ ਨੂੰ ਇਕ ਹੋਰ ਨਵੀਂ ਦਿਸ਼ਾ ਦਿੱਤੀ ਹੈ।
ਉੱਚਾ-ਲੰਮਾ, ਗੋਰਾ-ਚਿੱਟਾ, ਫੱਬਵੇਂ ਨਕਸ਼, ਮਰਮਰੀ ਬੁੱਤ ਵਾਂਗ ਤਰਾਸ਼ਿਆ ਸੁਡੌਲ ਜਿਸਮ। ਮੰਦ ਮੰਦ ਮੁਸਕਰਾਉਣ ਵਾਲਾ। ਮੇਲ-ਮੁਲਾਕਾਤਾਂ ਵਿਚ ਧੀਮੇ ਬੋਲ ਪਰ ਅਖ਼ਾੜੇ ਵਿਚ ਸ਼ੇਰ ਵਰਗੀ ਦਹਾੜ। ਤਾਕਤ ਦਾ ਪਹਾੜ, ਏਸ਼ੀਆ ਦਾ ਸਰਦਾਰ। ਰੁਸਤਮੇ-ਜਮਾਂ। ਜਗਤ-ਜੇਤੂ ਭਲਵਾਨ।
ਅੱਜਕੱਲ੍ਹ ਉਹ ਜਲੰਧਰ ਦੇ ਚੀਮਾ ਨਗਰ ਵਿਚ ਰਹਿੰਦਾ ਹੈ। ਉਸ ਕੋਲ ਕੋਠੀਆਂ ਹਨ, ਕਾਰਾਂ ਹਨ, ਉਹ ਭਾਰਤ ਕੁਮਾਰ ਹੈ, ਭਾਰਤ ਕੇਸਰੀ ਹੈ, ਭਾਰਤ ਮੱਲ-ਸਮਰਾਟ ਹੈ, ਕਾਮਨਵੈਲਥ ਚੈਂਪੀਅਨ, ਏਸ਼ੀਆ ਚੈਂਪੀਅਨ, ਵਿਸ਼ਵ ਵੈਟਰਨ ਚੈਂਪੀਅਨ, ਅਰਜਨ ਅਵਾਰਡੀ ਅਤੇ ਪਦਮਸ੍ਰੀ ਹੈ। ਖੇਡ ਵਿਭਾਗ ਦਾ ਡਾਇਰੈਕਟਰ ਰਿਹੈ। ਆਈਪੀਐਸ ਹੈ ਅਤੇ ਆਈਜੀ ਦੇ ਅਹੁਦੇ ਤੋਂ ਰਿਟਾਇਰ ਹੋਇਐ। ਉਹ ਏਨਾ ਕੁਝ ਹੈ ਕਿ ਗਿਣਨਾ ਔਖਾ ਹੈ ਪਰ ਏਨਾ ਕੁਝ ਹੁੰਦਿਆਂ ਵੀ ਉਹ ‘ਕੁਝ ਨਾ ਹੋਣ’ ਵਿਚ ਯਕੀਨ ਰੱਖਦਾ ਹੈ। ਮਿੱਠਾ ਪਿਆਰਾ, ਨਿਮਰ ਅਤੇ ਨਿਰਮਾਣ ਪਹਿਲਵਾਨ।
ਮੈਂ ਕਰਤਾਰ ਨੂੰ ਬਚਪਨ ਤੋਂ ਜਾਣਦਾ ਹਾਂ। ਜਦੋਂ ਉਹ ਛੋਟਾ ਜਿਹਾ ਸੀ, ਸਕੂਲ ਪੜ੍ਹਨ ਜਾਂਦਾ ਬੱਚਾ। ਉਹ ਥੋੜ੍ਹਾ ਵੱਡਾ ਹੋਇਆ ਤਾਂ ਆਸਾ ਸਿੰਘ ਸ਼ਾਹ ਦੀ ਹਵੇਲੀ ਵਿਚ ਅਸੀਂ ਗੋਲਾ ਵੀ ਸੁੱਟਦੇ ਰਹੇ। ਪਿੱਛੋਂ ਸੁਰ ਸਿੰਘ ਦੇ ਹਾਈ ਸਕੂਲ ਵਿਚ ਕਈ ਸਾਲ ਪੜ੍ਹਾਉਂਦਾ ਰਿਹਾ ਹੋਣ ਕਰ ਕੇ ਪਰਿਵਾਰ ਦੇ ਬਾਕੀ ਜੀਆਂ ਦਾ ਵੀ ਮੇਰੇ ਨਾਲ ਮੇਲ-ਮਿਲਾਪ ਤੇ ਪਿਆਰ ਵਧਦਾ ਗਿਆ। ਫਿਰ ਜਦੋਂ ਕਰਤਾਰ ਨੇ ਭਲਵਾਨੀ ਵਿਚ ਆਪਣਾ ਨਾਮ ਬਣਾਉਣਾ ਸ਼ੁਰੂ ਕੀਤਾ ਤਾਂ ਪਿੰਡ ਦੇ ਹਮਦਰਦ ਤੇ ਹਿਤੈਸ਼ੀ ਲੋਕਾਂ ਵਾਂਗ ਕਰਤਾਰ ਦੀਆਂ ਪ੍ਰਾਪਤੀਆਂ ਮੈਨੂੰ ਆਪਣੇ ਪਿੰਡ ਦੀਆਂ ਪ੍ਰਾਪਤੀਆਂ ਲੱਗਣ ਲੱਗੀਆਂ। ਸਮੇਂ ਸਮੇਂ ਵੱਡੀਆਂ ਜਿੱਤਾਂ ਲਈ ਜਾਣ ਤੋਂ ਪਹਿਲਾਂ ਜਾਂ ਜਿੱਤ ਕੇ ਆਉਣ ਤੋਂ ਪਿੱਛੋਂ ਮੈਂ ਕਰਤਾਰ ਬਾਰੇ ਅਖ਼ਬਾਰਾਂ ਵਿਚ ਲਿਖਦਾ ਵੀ ਰਿਹਾ। ਕਰਤਾਰ ਦੀ ਤਾਰੀਫ਼ ਕਰਨਾ, ਮੈਨੂੰ ਆਪਣੀ ਤਾਰੀਫ਼ ਕਰਨ ਵਾਂਗ ਲੱਗਦਾ। ਖੇਡਾਂ ਬਾਰੇ ਜਾਂ ਖਿਡਾਰੀਆਂ ਬਾਰੇ ਲਿਖਣਾ ਮੇਰਾ ਬੁਨਿਆਦੀ ਸ਼ੌਕ ਨਹੀਂ ਸੀ। ਕਰਤਾਰ ਬਾਰੇ ਹੋਰ ਲੇਖਕ ਭਾਵੇਂ ਜੰਮ ਜੰਮ ਲਿਖਦੇ ਪਰ ਮੈਨੂੰ ਲੱਗਦਾ ਕਿ ਆਪਣੇ ਪਿੰਡ ਦੇ ਇਸ ਛਿੰਦੇ ਤੇ ਲਾਡਲੇ ਪੁੱਤ ਬਾਰੇ ਮੈਂ ਕਿਉਂ ਨਾ ਲਿਖਾਂ!
ਕਰਤਾਰ ਬਾਰੇ ਲਿਖ ਕੇ ਮੈਂ ਆਪਣਾ ਫ਼ਰਜ਼ ਪੂਰਾ ਕਰਦਾ ਰਿਹਾ ਸਾਂ। ਜਦੋਂ 1986 ਦੀਆਂ ਸਿਓਲ ਏਸ਼ੀਅਨ ਖੇਡਾਂ ਵਿਚੋਂ ਪੀਟੀ ਊਸ਼ਾ ਤੋਂ ਬਿਨਾਂ ਇਕੋ ਇਕ ਭਾਰਤੀ ਮਰਦ, ਕਰਤਾਰ ਨੇ ਹੀ ਸੋਨ-ਤਮਗ਼ਾ ਜਿਤ ਕੇ ਲਿਆਂਦਾ ਤਾਂ ਉਹਦੀ ਚਾਰੇ ਪਾਸੇ ਜੈ ਜੈ ਕਾਰ ਹੋ ਉੱਠੀ। ਉਹਦੇ ਮਾਣ-ਸਨਮਾਨ ਹੋਣ ਲੱਗੇ। ਬੱਚੇ ਬੱਚੇ ਨੂੰ ਉਹਦੇ ਨਾਂ ਦਾ ਪਤਾ ਚੱਲ ਗਿਆ। ਉਹ ਦਿਨ ਸਨ ਜਦੋਂ ਉਹਦੀ ਪ੍ਰਸਿੱਧੀ ਸਿਖ਼ਰ ਤੇ ਪਹੁੰਚ ਗਈ ਸੀ।
ਉਹਨੀਂ ਦਿਨੀ ‘ਪੰਜਾਬੀ ਟ੍ਰਿਬਿਊਨ’ ਦੇ ਤਤਕਾਲੀ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਨੇ ਵਿਸ਼ੇਸ਼ ਵਿਅਕਤੀਆਂ ਨਾਲ ਕੀਤੀਆਂ ਜਾਂਦੀਆਂ ਮੁਲਾਕਾਤਾਂ ਵਾਲੇ ਕਾਲਮ ‘ਖੁੱਲ੍ਹੀਆਂ ਗੱਲਾਂ’ ਲਈ ਮੈਨੂੰ ਕਰਤਾਰ ਨਾਲ ਲੰਮੀ ਮੁਲਾਕਾਤ ਕਰ ਕੇ ‘ਪੰਜਾਬੀ ਟ੍ਰਿਬਿਊਨ’ ਲਈ ਭੇਜਣ ਵਾਸਤੇ ਆਖਿਆ। 25 ਜਨਵਰੀ 1987 ਦੇ ਅਖ਼ਬਾਰ ਵਿਚ ਉਹ ਮੁਲਾਕਾਤ ਛਪੀ ਤਾਂ ਪਾਠਕਾਂ ਤੇ ਖੇਡ-ਪ੍ਰੇਮੀਆਂ ਦੇ ਨਾਲ ਕਰਤਾਰ ਹੁਰਾਂ ਨੂੰ ਵੀ ਬਹੁਤ ਪਸੰਦ ਆਈ। ਉਹਦੇ ਵੱਡੇ ਭਰਾ ਗੁਰਚਰਨ ਨੇ ਕਰਤਾਰ ਨਾਲ ਸੰਬੰਧਤ ਅਖ਼ਬਾਰਾਂ ਵਿਚ ਛਪੀਆਂ ਖ਼ਬਰਾਂ ਤੇ ਲੇਖਾਂ ਦੀਆਂ ਕਾਤਰਾਂ ਨਾਲ ਭਰੇ ਚਾਰ ਰਜਿਸਟਰ ਮੈਨੂੰ ਮੇਰੇ ਘਰ ਫੜਾਉਂਦਿਆਂ ਕਿਹਾ, “ਭਾ ਜੀ! ਤੁਹਾਡਾ ਲਿਖਿਆ ਪੜ੍ਹ ਕੇ ਖੇਡ-ਹਲਕਿਆਂ ਨਾਲ ਜੁੜੇ ਲੋਕ ਚਾਹੁੰਦੇ ਹਨ ਕਿ ਤੁਸੀਂ ਹੀ ਕਰਤਾਰ ਦੀ ਜੀਵਨੀ ਲਿਖ ਸਕਦੇ ਹੋ। ਕਰਤਾਰ ਤੁਹਾਡਾ ਵੀ ਛੋਟਾ ਭਰਾ ਹੈ…।”
ਗੁਰਚਰਨ ਲੱਖ ਠੀਕ ਕਹਿੰਦਾ ਸੀ, ਫਿਰ ਵੀ ਮੈਂ ਇਹ ਜੀਵਨੀ ਲਿਖਣ ਲਈ ਆਪਣੇ ਮਨ ਨੂੰ ਤਿਆਰ ਨਾ ਕਰ ਸਕਿਆ। ਪਹਿਲਾ ਕਾਰਨ ਤਾਂ ਇਹ ਸੀ ਕਿ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਮੇਰਾ ਸ਼ੌਕ ਨਹੀਂ ਸੀ। ਦੂਜਾ ਮੇਰੇ ਮਨ ਵਿਚ ਅਚੇਤ ਹੀ ਇਹ ਅਹਿਸਾਸ ਵੀ ਹੁੰਦਾ ਕਿ ਜਿੰਨਾ ਸਮਾਂ ਮੈਂ ਜੀਵਨੀ ਲਿਖਣ ਲਈ ਲਾਉਣਾ ਹੈ, ਓਨੇ ਚਿਰ ਵਿਚ ਮੈਂ ਆਪਣੀ ਕੋਈ ਸਿਰਜਣਾਤਮਕ ਲਿਖਤ ਕਿਉਂ ਨਾ ਲਿਖਾਂ! ਤੀਜਾ ਤੇ ਮਹੱਤਵਪੂਰਨ ਪਹਿਲੂ ਇਹ ਵੀ ਸੀ ਕਿ ਖੇਡ ਜਗਤ ਕੋਲ ਸਰਵਣ ਸਿੰਘ ਵਰਗੇ ਖੇਡ ਖੇਤਰ ਦੇ ਸ਼ਾਹਸਵਾਰ ਤੇ ਮਾਣਯੋਗ ਲੇਖਕ ਵੀ ਸਨ। ਮੇਰੀ ਇੱਛਾ ਸੀ ਕਿ ਕਰਤਾਰ ਦੀ ਜੀਵਨੀ ਸਰਵਣ ਸਿੰਘ ਹੀ ਲਿਖੇ। ਜਿੱਡਾ ਵੱਡਾ ਭਲਵਾਨ, ਓਡੇ ਉੱਚੇ ਪਾਏ ਦਾ ਹੀ ਖੇਡ ਲੇਖਕ।
ਇੰਜ ਇਹ ਜੀਵਨੀ ਲਿਖਣੀ ਦਸ ਸਾਲ ਪਿੱਛੇ ਪੈ ਗਈ। ਉਧਰੋਂ ਸਰਵਣ ਸਿੰਘ ਹੁਰਾਂ ਵੀ ਉਹਨਾਂ ਨੂੰ ਕਹਿ ਦਿੱਤਾ ਕਿ ਜੇ ਕਰਤਾਰ ਦੀ ਜੀਵਨੀ ਵਰਿਆਮ ਲਿਖੇ ਤਾਂ ਕਮਾਲ ਹੋ ਜਾਵੇ। ਭਾਵੇਂ ਭਲਵਾਨੀ ਜ਼ੋਰ ਨਾਲ ਲਿਖਵਾਓ। ਤੇ ਫਿਰ ਪਿਛਲੇ ਕਈ ਮਹੀਨਿਆਂ ਤੋਂ ਗੁਰਚਰਨ ਜਦੋਂ ਮਿਲਦਾ ਤਾਂ ਮੋਹ ਭਰੀ ਜ਼ਿਦ ਨਾਲ ਆਖਦਾ, “ਭਾ ਜੀ ਕੱਢੋ ਹੁਣ ਟੈਮ…।”
“ਭਲਵਾਨੋਂ। ਟੈਮ ਤੁਹਾਡੇ ਕੋਲ ਆਪ ਨਹੀਂ ਹੈਗਾ ਤੇ ਮੇਰੇ ‘ਤੇ ਐਵੇਂ ਸੁਹਾਗਾ ਫੇਰੀ ਜਾਂਦੇ ਓ…।” ਮੈਂ ਉੱਤੋਂ ਦੀ ਵਲ਼ਿਆ ਪਰ ਉਹਨਾਂ ਨੂੰ ਉੱਤੋਂ ‘ਵਲ਼ਣ’ ਵਾਲਾ ਇਕ ਦਿਨ ਮੈਂ ਆਪ ਹੀ ਵਲ਼ਿਆ ਗਿਆ। ਗੁਰਚਰਨ ਫਿਰ ਕਹਿਣ ਲੱਗਾ, “ਭਾ ਜੀ, ਕਿਤੇ ਕੱਢੋ ਟੈਮ…।”
ਮੈਂ ਹੱਸ ਪਿਆ।
ਕਰਤਾਰ ਵੀ ਕਹਿਣ ਲੱਗਾ, “ਜੇ ਅਗਲੇ ਦਿਨੀਂ ਵਿਹਲੇ ਹੋਵੋ ਤਾਂ ਅਸੀਂ ਤੁਹਾਡੇ ਘਰ ਆ ਜਾਇਆ ਕਰਾਂਗੇ। ਤੁਸੀਂ ਪੁੱਛ ਪੁਛਾ ਲੌ ਗੱਲਾਂ ਬਾਤਾਂ। ਹੁਣ ਇਹ ਕੰਡਾ ਕੱਢ ਈ ਦਈਏ…।”
ਹੁਣ ਮੈਂ ਕੁਝ ਕਹਿਣ ਜੋਗਾ ਵੀ ਨਹੀਂ ਸਾਂ! ਮੈਂ ਹਥਿਆਰ ਸੁੱਟ ਦਿੱਤੇ। ਕਰਤਾਰ ਨੂੰ ਵੱਧ ਤੋਂ ਵੱਧ ਜਾਨਣ ਤੇ ਉਹਦੇ ਬਾਰੇ ਚੰਗੀ ਕਿਤਾਬ ਲਿਖਣ ਲਈ ਮੈਨੂੰ ਸਖ਼ਤ ਮਿਹਨਤ ਕਰਨੀ ਪੈਣੀ ਸੀ। ਮੈਂ ਰੋਜ਼ ਸ਼ਾਮ ਨੂੰ ਤਿੰਨ ਚਾਰ ਘੰਟੇ ਕਰਤਾਰ, ਗੁਰਚਰਨ ਤੇ ਪਰਿਵਾਰ ਦੇ ਜੀਆਂ ਕੋਲ ਬੈਠਦਾ। ਉਸ ਦੇ ਬਚਪਨ ਤੋਂ ਲੈ ਕੇ ਹੁਣ ਤੱਕ ਉਹਦਾ ਪੂਰਾ ਜੀਵਨ ਛਾਣਨ-ਪੁਣਨ ਲਈ ਮੈਂ ਲਗਭਗ ਤਿੰਨ ਮਹੀਨੇ ਰੋਜ਼ ਹੀ ਉਹਨਾਂ ਕੋਲ ਜਾਂਦਾ ਰਿਹਾ। ਕੁਸ਼ਤੀ-ਖ਼ੇਤਰ ਵਿਚ ਸ਼ੁਰੂ ਤੋਂ ਹੁਣ ਤੱਕ ਉਸ ਨਾਲ ਜੁੜੇ ਭਲਵਾਨਾਂ ਤੇ ਕੋਚਾਂ ਨਾਲ ਲੰਮੀਆਂ ਮੁਲਾਕਾਤਾਂ ਕੀਤੀਆਂ। ਦਿੱਲੀ ਗੁਰੂ ਹਨੂਮਾਨ ਦੇ ਅਖ਼ਾੜੇ ਤੱਕ ਵੀ ਚੱਕਰ ਮਾਰੇ। ਕਰਤਾਰ ਬਾਰੇ ਹੁਣ ਤੱਕ ਜੋ ਕੁਝ ਪੁੱਛਿਆ ਗਿਆ, ਉਹ ਮੈਂ ਨਾਲ ਦੇ ਨਾਲ ‘ਟੇਪ ਰਿਕਾਰਡ’ ਕਰੀ ਜਾਂਦਾ। ਜਦੋਂ ਕੱਚੇ ਖਰੜੇ ਦੇ ਰੂਪ ਵਿਚ ਮੈਂ ਉਹ ਕੈਸਿਟਾਂ ਕਾਗਜ਼ਾਂ ‘ਤੇ ਉਤਾਰੀਆਂ ਤਾਂ ਛੇ ਸੱਤ ਸੌ ਪੁਸਤਕੀ ਪੰਨੇ ਬਣ ਗਏ। ਹੁਣ, ਮਿਲੀ ਜਾਣਕਾਰੀ ਨੂੰ ਸੋਧਣਾ, ਛਾਂਟਣਾ ਤੇ ਤਰਤੀਬ ਦੇਣੀ ਸੀ। ਇਹ ਕੁਝ ਕਰਨ ਲਈ ਮੈਨੂੰ ਰੋਜ਼ਾਨਾ ਦਸ ਤੋਂ ਬਾਰਾਂ ਤੇ ਕਈ ਵਾਰ ਚੌਦਾਂ ਚੌਦਾਂ ਘੰਟੇ ਕੰਮ ਕਰਨਾ ਪਿਆ…।
ਮੈਂ ਭਲਵਾਨ ਤਾਂ ਨਹੀਂ ਸਾਂ ਬਣ ਸਕਦਾ ਪਰ ਇਹਨਾਂ ਦਿਨਾਂ ਵਿਚ ਸਾਧਨਾਂ ਮੈਂ ਭਲਵਾਨਾਂ ਵਾਂਗ ਹੀ ਕੀਤੀ। ਮੈਂ ਚਾਹੁੰਦਾ ਸਾਂ ਕਿ ਮੇਰੀ ਲਿਖਤ ‘ਭਲਵਾਨੀ ਸਪਿਰਟ’ ਵਾਲੀ ਬਣ ਸਕੇ। ਮੈਂ ਇਹ ਵੀ ਚਾਹੁੰਦਾ ਸਾਂ ਕਿ ਇਸ ਜੀਵਨੀ ਵਿਚੋਂ ਕਰਤਾਰ ਦਾ ਪਰਿਵਾਰ, ਉਸ ਦਾ ਪਿਛੋਕੜ, ਉਸ ਦਾ ਚੌਗਿਰਦਾ, ਉਸ ਦੀ ਸਾਧਨਾ, ਉਸ ਅੰਦਰਲਾ ਭਲਵਾਨ ਅਤੇ ਇਨਸਾਨ ਸੰਪੂਰਨ ਰੂਪ ਵਿਚ ਨਜ਼ਰ ਆਵੇ ਪਰ ਕਦੀ ਸੰਪੂਰਨ ਵੀ ਕੁਝ ਹੋਇਆ ਹੈ!
ਮੈਂ ਸਿਰਫ਼ ਏਨਾ ਹੀ ਕਹਿਣਾ ਚਾਹੁੰਦਾ ਹਾਂ ਕਿ ਮੈਂ ਇਸ ਜੀਵਨੀ ਨੂੰ ਮੁਕੰਮਲ ਕਰਨ ਲਈ ਹਰ ਹੀਲਾ ਕੀਤਾ ਹੈ। ਇਸ ਲਈ ਨਹੀਂ ਕਿ ਇਹ ਕਰਤਾਰ ਬਾਰੇ ਹੈ ਸਗੋਂ ਇਸ ਲਈ ਵੀ ਕਿ ਇਸ ਉਤੇ ਲੇਖਕ ਦੇ ਤੌਰ ‘ਤੇ ਮੇਰਾ ਨਾਂ ਵੀ ਛਪਣਾ ਹੈ। ਮੇਰੇ ਨਾਂ ‘ਤੇ ਮਾੜੀ ਲਿਖ਼ਤ ਛਪਣੀ ਮੈਨੂੰ ਕਦੀ ਵੀ ਪਰਵਾਨ ਨਹੀਂ ਹੋਈ! ਕਿਸੇ ਖਿਡਾਰੀ ਬਾਰੇ ਲਿਖਣਾ ਮੇਰੇ ਆਪਣੇ ਖ਼ੇਤਰ ਤੋਂ ਬਾਹਰ ਜਾਣ ਵਾਲੀ ਗੱਲ ਸੀ। ਇਸ ਖ਼ੇਤਰ ਵਿਚ ਵੀ ਮੇਰੀ ਕਲਮ ਕੁਝ ਕਰ ਸਕਣ ਦੇ ਸਮਰੱਥ ਹੋਈ ਹੈ ਜਾਂ ਨਹੀਂ, ਇਹ ਦੱਸਣਾ ਇਸ ਪੁਸਤਕ ਦੇ ਪਾਠਕਾਂ ਦਾ ਕੰਮ ਹੈ।
ਧੰਨਵਾਦ ਹੈ ਗੁਰਚਰਨ ਸਿੰਘ ਦਾ, ਜਿਸ ਨੇ ਆਪਣੇ ਪਿਆਰ ਦੇ ਮਾਣ ਸਦਕਾ ਦਸਾਂ ਸਾਲਾਂ ਦੀ ਜੱਦੋਜਹਿਦ ਪਿੱਛੋਂ ਮੈਨੂੰ ਜੀਵਨੀ ਲਿਖਣ ਲਈ ਤਿਆਰ ਕਰ ਹੀ ਲਿਆ। ਉਸ ਤੋਂ ਵੀ ਵੱਧ ਆਪਣੀ ਪਤਨੀ ਰਜਵੰਤ ਦਾ ਤੇ ਮੇਰੇ ਪਰਿਵਾਰ ਦਾ, ਜਿਨ੍ਹਾਂ ਨੇ ਮੈਨੂੰ ਵਿਹਲ, ਸੁਖਾਵਾਂ ਮਾਹੌਲ ਤੇ ਮਾਨਸਿਕ ਬਲ ਦੇ ਕੇ ਇਹ ਬਿਖ਼ਮ-ਕਾਰਜ ਨੇਪਰੇ ਚੜ੍ਹਾਉਣ ਵਿਚ ਮੇਰੀ ਮਦਦ ਕੀਤੀ।
1978 ਵਿਚ ਜਦੋਂ ਕਰਤਾਰ ਪਹਿਲੀ ਵਾਰ ਏਸ਼ੀਅਨ ਖੇਡਾਂ ਬੈਂਕਾਕ ਤੋਂ ਸੋਨ-ਤਮਗ਼ਾ ਜਿਤ ਕੇ ਲਿਆਇਆ ਸੀ ਤਾਂ ਕਰਤਾਰ ਦਾ ਪੂਰੇ ਪਿੰਡ ਵੱਲੋਂ ਭਰਪੂਰ ਆਦਰ ਮਾਣ ਕੀਤਾ ਗਿਆ। ਉਹਦੇ ਸਤਿਕਾਰ ਵਿਚ ਸਮਾਗਮ ਕੀਤਾ ਗਿਆ। ਕਰਤਾਰ ਤੇ ਉਹਦੇ ਨਾਲ ਆਏ ਭਲਵਾਨਾਂ ਤੇ ਕੋਚਾਂ ਨੂੰ ਸਵਾਗਤੀ ਕਮੇਟੀ ਵੱਲੋਂ ਤੁਛ ਭੇਟਾ ਦਿੰਦਿਆਂ ਮੈਂ ਇਕ ਗੱਲ ਸੁਣਾਈ:
ਮੇਰਾ ਇਕ ਮਾਮਾ ਆਪਣੇ ਵੇਲਿਆਂ ਦਾ ਚੰਗਾ ਭਲਵਾਨ ਸੀ। ਇਕ ਵਾਰ ਉਹ ਆਪਣੇ ਪਿੰਡੋਂ ਵੀਹ ਤੀਹ ਕੋਹ ਦੂਰ ਕਿਸੇ ਦੂਸਰੇ ਪਿੰਡ ਛਿੰਝ ‘ਤੇ ਘੁਲਣ ਲਈ ਗਿਆ। ਉਹਦੇ ਹੀ ਪਿੰਡ ਦਾ ਕੋਈ ਹੋਰ ਬੰਦਾ, ਜਿਹੜਾ ਛਿੰਝ ਵਾਲੇ ਪਿੰਡ ਦੇ ਨੇੜੇ ਕਿਸੇ ਰਿਸ਼ਤੇਦਾਰੀ ‘ਚ ਮਿਲਣ ਗਿਲਣ ਗਿਆ ਸੀ, ਘੋਲ ਵੇਖਣ ਲਈ ਉਥੇ ਆਇਆ। ਜਦੋਂ ਮੇਰਾ ਮਾਮਾ ਦੂਜੇ ਭਲਵਾਨ ਨਾਲ ਘੁਲ ਰਿਹਾ ਸੀ ਤਾਂ ਉਹਦੇ ਪਿੰਡ ਦਾ ਵਸਨੀਕ ਵੀ ਆਪਣੇ ਮਨ ਵਿਚ ਨਾਲ ਨਾਲ ਹੀ ਘੁਲ ਰਿਹਾ ਸੀ। ਆਪਣੇ ਭਲਵਾਨ ਦੇ ਵੱਜਦੇ ਦਾਅ ਨਾਲ ਹੀ ਉਹ ਉਛਲਦਾ ਤੇ ਦੂਜੇ ਭਲਵਾਨ ਦੇ ਵੱਜਦੇ ਦਾਅ ਨਾਲ ਉਹਦਾ ਸਾਹ ਸੂਤਿਆ ਜਾਂਦਾ। ਆਖ਼ਰ ਜਦੋਂ ਮੇਰੇ ਮਾਮੇ ਨੇ ਵਿਰੋਧੀ ਭਲਵਾਨ ਨੂੰ ਧਰਤੀ ‘ਤੇ ਪਿਠ ਪਰਨੇ ਸੁਟ ਲਿਆ ਤਾਂ ਉਹਦੇ ਗਰਾਈਂ ਨੇ ਧਰਤੀ ਤੋਂ ਤਿੰਨ ਫੁੱਟ ਉੱਚੀ ਛਾਲ ਮਾਰੀ ਤੇ ਸੰਤੋੜ ਮੇਰੇ ਮਾਮੇ ਵੱਲ ਭੱਜ ਉੱਠਾ। ਜਾ ਕੇ ਮੇਰੇ ਮਾਮੇ ਨੂੰ ਹਿੱਕ ਨਾਲ ਘੁੱਟ ਕੇ ਧਰਤੀ ਤੋਂ ਉੱਚਾ ਚੁੱਕ ਲਿਆ। ਪਿੱਛੋਂ ਆਪਣੀ ਜੇਬ ਵਿਚ ਹੱਥ ਮਾਰਿਆ। ਗਰੀਬ ਜੱਟ ਸੀ। ਉਦੋਂ ਲੋਕਾਂ ਕੋਲ ਪੈਸੇ ਹੁੰਦੇ ਵੀ ਕਿਥੇ ਸਨ! ਜੇਬ ਵਿਚੋਂ ਸਿਰਫ਼ ਇਕ ਅਠਿਆਨੀ ਨਿਕਲੀ। ਉਸ ਨੇ ਉਹ ਅਠਿਆਨੀ ਮੇਰੇ ਮਾਮੇ ਦੀ ਮੁੱਠ ਵਿਚ ਦਿੱਤੀ ਤੇ ਫਿਰ ਉਹਦੀ ਮੁੱਠ ਮੀਚਦਿਆਂ ਕਹਿਣ ਲੱਗਾ, “ਬਘੇਲ ਸਿਅ੍ਹਾਂ! ਇਹ ਮੁੱਠ ਤੂੰ ਮੀਟੀ ਰੱਖ! ਇਹ ਨਾ ਵੇਖ! ਇਹਦੇ ਵਿਚ ਹੈ ਕੀ… ਮੇਰੇ ਕੋਲ ਹੈ ਈ ਇਹੋ ਕੁਝ ਸੀ ਵੀਰ ਮੇਰਿਆ… ਮੇਰੇ ਕੋਲੋਂ ਤੇਰੇ ਜਿੱਤਣ ਦਾ ਚਾਅ ਠੱਲ੍ਹਿਆ ਈ ਨਹੀਂ ਗਿਆ… ਬੱਸ ਇਸ ਚਾਅ ‘ਚ ਈ ਭੱਜਾ ਆਇਆਂ! … ਤੂੰ ਸਾਡਾ ਖ਼ੂਨ ਐਂ… ਸਾਡੀ ਆਪਣੀ ਦੇਹ ਜਾਨ… ਤੈਨੂੰ ਦੇਣ ਲਈ ਮੇਰੇ ਕੋਲ ਖੁੱਲ੍ਹੀਆਂ ਬਾਹਵਾਂ ਦਾ ਢੇਰਾਂ ਦਾ ਢੇਰ ਪਿਆਰ ਹੈ… ਇਸ ਲਈ ਤੂੰ ਇਹ ਮੁੱਠੀ ਬੰਦ ਹੀ ਰੱਖ਼.. ਤੇ ਮੇਰੇ ਖੁੱਲ੍ਹੇ ਦਿਲ ਵੱਲ ਵੇਖ਼..।”
ਬਘੇਲ ਸਿੰਘ ਨੇ ਉਸ ਨੂੰ ਆਪਣੇ ਗਲ਼ ਨਾਲ ਲਾ ਲਿਆ। ਆਪਣੇ ਗਰਾਈਂ ਨੂੰ, ਜਿਹੜਾ ਪਿੰਡੋਂ ਵੀਹ ਕੋਹ ਦੂਰ… ਉਹਦਾ ਸਭ ਤੋਂ ਪਹਿਲਾਂ ਆਪਣਾ ਬਣ ਕੇ ਉਹਦੀ ਜਿੱਤ ਦੀ ਖ਼ੁਸ਼ੀ ਵਿਚ ਉਛਲਿਆ ਸੀ। ਇਸ ਭਰੱਪਣ ‘ਚ ਭਿੱਜ ਕੇ ਦੋਵਾਂ ਸ਼ਰੀਕ ਭਰਾਵਾਂ ਦੀਆਂ ਅੱਖਾਂ ਸਿੱਲ੍ਹੀਆਂ ਹੋ ਗਈਆਂ…।
ਇਹ ਕਹਾਣੀ ਸੁਣਾ ਕੇ ਮੈਂ ਕਰਤਾਰ ਨੂੰ ਕਿਹਾ ਸੀ, “ਭਲਵਾਨ ਜੀ, ਮੈਂ ਅਤੇ ਮੇਰੇ ਪਿੰਡ ਵਾਲੇ ਤੁਹਾਡੀ ਏਡੀ ਮਹਾਨ ਜਿੱਤ ਦੀ ਖ਼ੁਸ਼ੀ ਵਿਚ ਮਾਣ-ਸਨਮਾਨ ਵਜੋਂ ਜੋ ਕੁਝ ਤੁਹਾਨੂੰ ਭੇਟ ਕਰ ਰਹੇ ਹਾਂ… ਉਹ ਤਾਂ ਤੁਸੀਂ ਮੁੱਠੀ ਵਿਚ ਬੰਦ ਹੀ ਰੱਖੋ… ਉਹਨੂੰ ਖੋਲ੍ਹ ਕੇ ਨਾ ਵੇਖੋ ਕਿ ਇਸ ਵਿਚ ਕੀ ਹੈ। ਵੇਖਣਾ ਹੈ ਤਾਂ ਸਾਡੇ ਪਿਆਰ ਨਾਲ ਨੱਕੋ-ਨੱਕ ਭਰੇ ਦਿਲ ਵੇਖੋ… ਸਾਡਾ ਚਾਅ ਵੇਖੋ… ਸਾਡਾ ਮਾਣ ਵੇਖੋ…।”
ਅੱਜ ਉਸੇ ਹੀ ਪਿਆਰ ਤੇ ਮਾਣ ਵਿਚ ਭਰ ਕੇ ਮੈਂ ਇਹ ਪੁਸਤਕ ਕਰਤਾਰ ਦੇ ਹੱਥਾਂ ਵਿਚ ਦੇ ਕੇ ਕਹਿਣਾ ਚਾਹੁੰਦਾ ਹਾਂ, “ਭਲਵਾਨ ਜੀ! ਅੱਜ ਆਪਣੀਆਂ ਉਹਨਾਂ ਬੰਦ ਮੁੱਠਾਂ ਨੂੰ ਖੋਲ੍ਹੋ… ਤੇ ਇਸ ਪੁਸਤਕ ਨੂੰ ਵੇਖੋ ਤੇ ਵਿਖਾਓ ਵੀ… ਜਿਸ ਵਿਚ ਤੁਹਾਡੇ ਗਰਾਈਂ, ਤੁਹਾਡੇ ਵੱਡੇ ਭਰਾ ਦਾ ਪਿਆਰ ਉਲੱਦਿਆ ਪਿਆ ਹੈ!
ਅਖ਼ੀਰ ਵਿਚ ਮੈਂ ਆਪਣੇ ਮਹਾਨ ਪਿੰਡ ਸੁਰ ਸਿੰਘ ਅੱਗੇ ਆਪਣਾ ਸੀਸ ਨਿਵਾਉਂਦਾ ਹਾਂ ਜਿਸ ਦੀ ਮੁਹੱਬਤ ਨੇ ਆਪਣੇ ਇਸ ਮਹਾਨ ਪੁੱਤ ਬਾਰੇ ਆਪਣੇ ਇਸ ਲੇਖਕ ਪੁੱਤ ਕੋਲੋਂ ਕੁਝ ਸ਼ਬਦ ਲਿਖਵਾਏ ਹਨ।
ਮੇਰੇ ਪਿਆਰੇ ਤੇ ਮਾਣ-ਮੱਤੇ ਪਿੰਡ!
ਮੇਰੇ ਪਿੰਡ ਦੇ ਪਿਆਰੇ ਤੇ ਮੋਹ-ਭਿੱਜੇ ਲੋਕੋ!
ਇਤਿਹਾਸ ਬਣਾਉਣ ਵਾਲੇ ਤੇ ਇਤਿਹਾਸ ਲਿਖਣ ਵਾਲੇ ਤੁਹਾਡੇ ਬੱਚੇ ਤੁਹਾਡੇ ਵਿਹੜਿਆਂ ਵਿਚ ਪਲਦੇ ਤੇ ਖੇਡਦੇ ਰਹਿਣ… ਤੇ ਫਿਰ ਇਕ ਦਿਨ ਇੰਜ ਹੀ ਚਮਕ ਉੱਠਣ… ਉੱਚੇ ਨੀਲੇ ਅੰਬਰਾਂ ਵਿਚ ਧਰੂ ਤਾਰਾ ਬਣ ਕੇ… ਤੁਹਾਡੇ ਕਰਤਾਰ ਵਾਂਗ।
ਸਿਖਰ ਵਾਲੀ ਪ੍ਰਸਿੱਧੀ
ਜਦੋਂ 1986 ਦੀਆਂ ਸਿਓਲ ਏਸ਼ੀਅਨ ਖੇਡਾਂ ਵਿਚੋਂ ਪੀਟੀ ਊਸ਼ਾ ਤੋਂ ਬਿਨਾਂ ਇਕੋ ਇਕ ਭਾਰਤੀ ਮਰਦ, ਕਰਤਾਰ ਨੇ ਹੀ ਸੋਨ-ਤਮਗ਼ਾ ਜਿਤ ਕੇ ਲਿਆਂਦਾ ਤਾਂ ਉਹਦੀ ਚਾਰੇ ਪਾਸੇ ਜੈ ਜੈ ਕਾਰ ਹੋ ਉੱਠੀ। ਉਹਦੇ ਮਾਣ-ਸਨਮਾਨ ਹੋਣ ਲੱਗੇ। ਬੱਚੇ ਬੱਚੇ ਨੂੰ ਉਹਦੇ ਨਾਂ ਦਾ ਪਤਾ ਚੱਲ ਗਿਆ। ਉਹ ਦਿਨ ਸਨ ਜਦੋਂ ਉਹਦੀ ਪ੍ਰਸਿੱਧੀ ਸਿਖ਼ਰ ਤੇ ਪਹੁੰਚ ਗਈ ਸੀ। ਉਹਨੀਂ ਦਿਨੀ ‘ਪੰਜਾਬੀ ਟ੍ਰਿਬਿਊਨ’ ਦੇ ਤਤਕਾਲੀ ਸੰਪਾਦਕ ਗੁਲਜ਼ਾਰ ਸਿੰਘ ਸੰਧੂ ਨੇ ਵਿਸ਼ੇਸ਼ ਵਿਅਕਤੀਆਂ ਨਾਲ ਕੀਤੀਆਂ ਜਾਂਦੀਆਂ ਮੁਲਾਕਾਤਾਂ ਵਾਲੇ ਕਾਲਮ ‘ਖੁੱਲ੍ਹੀਆਂ ਗੱਲਾਂ’ ਲਈ ਮੈਨੂੰ ਕਰਤਾਰ ਨਾਲ ਲੰਮੀ ਮੁਲਾਕਾਤ ਕਰ ਕੇ ‘ਪੰਜਾਬੀ ਟ੍ਰਿਬਿਊਨ’ ਲਈ ਭੇਜਣ ਵਾਸਤੇ ਆਖਿਆ। 25 ਜਨਵਰੀ 1987 ਦੇ ਅਖ਼ਬਾਰ ਵਿਚ ਉਹ ਮੁਲਾਕਾਤ ਛਪੀ ਤਾਂ ਪਾਠਕਾਂ ਤੇ ਖੇਡ-ਪ੍ਰੇਮੀਆਂ ਦੇ ਨਾਲ ਕਰਤਾਰ ਹੁਰਾਂ ਨੂੰ ਵੀ ਬਹੁਤ ਪਸੰਦ ਆਈ।
ਵੱਡੇ ਭਰਾ ਦਾ ਪਿਆਰ
ਕਹਾਣੀ ਸੁਣਾ ਕੇ ਮੈਂ ਕਰਤਾਰ ਨੂੰ ਕਿਹਾ ਸੀ, “ਭਲਵਾਨ ਜੀ, ਮੈਂ ਤੇ ਮੇਰੇ ਪਿੰਡ ਵਾਲੇ ਤੁਹਾਡੀ ਏਡੀ ਮਹਾਨ ਜਿੱਤ ਦੀ ਖ਼ੁਸ਼ੀ ਵਿਚ ਮਾਣ-ਸਨਮਾਨ ਵਜੋਂ ਜੋ ਕੁਝ ਤੁਹਾਨੂੰ ਭੇਟ ਕਰ ਰਹੇ ਹਾਂ… ਉਹ ਤਾਂ ਤੁਸੀਂ ਮੁੱਠੀ ਵਿਚ ਬੰਦ ਹੀ ਰੱਖੋ… ਉਹਨੂੰ ਖੋਲ੍ਹ ਕੇ ਨਾ ਵੇਖੋ ਕਿ ਇਸ ਵਿਚ ਕੀ ਹੈ। ਵੇਖਣਾ ਹੈ ਤਾਂ ਸਾਡੇ ਪਿਆਰ ਨਾਲ ਨੱਕੋ-ਨੱਕ ਭਰੇ ਦਿਲ ਵੇਖੋ…।” ਅੱਜ ਉਸੇ ਪਿਆਰ ਤੇ ਮਾਣ ’ਚ ਭਰ ਕੇ ਮੈਂ ਇਹ ਪੁਸਤਕ ਕਰਤਾਰ ਦੇ ਹੱਥਾਂ ਵਿਚ ਦੇ ਕੇ ਕਹਿਣਾ ਚਾਹੁੰਦਾ ਹਾਂ, “ਭਲਵਾਨ ਜੀ! ਅੱਜ ਆਪਣੀਆਂ ਉਹਨਾਂ ਬੰਦ ਮੁੱਠਾਂ ਨੂੰ ਖੋਲ੍ਹੋ… ਤੇ ਇਸ ਪੁਸਤਕ ਨੂੰ ਵੇਖੋ ਤੇ ਵਿਖਾਓ ਵੀ… ਜਿਸ ਵਿਚ ਤੁਹਾਡੇ ਗਰਾਈਂ, ਤੁਹਾਡੇ ਵੱਡੇ ਭਰਾ ਦਾ ਪਿਆਰ ਉਲੱਦਿਆ ਪਿਆ ਹੈ!
-ਵਰਿਆਮ ਸਿੰਘ ਸੰਧੂ