ਨਵੀਂ ਦਿੱਲੀ: ਭਾਰਤ ਦਾ ਵੀਰ ਚੋਟਰਾਨੀ ਹਿਊੁਸਟਨ ਵਿੱਚ 9000 ਡਾਲਰ ਇਨਾਮੀ ਪੀਐੱਸਏ ਚੈਲੇਂਜਰ ਟੂਰ ਮੁਕਾਬਲੇ ਕਾਨਸੋ ਓਪਨ ਸਕੁਐਸ਼ ਦੇ ਫਾਈਨਲ ’ਚ ਪਾਕਿਸਤਾਨ ਦੇ ਮੁਹੰਮਦ ਅਸ਼ਾਬ ਇਰਫਾਨ ਤੋਂ ਪੰਜ ਗੇਮ ਤੱਕ ਚੱਲੇ ਮੁਕਾਬਲੇ ਵਿੱਚ 2-3 ਨਾਲ ਹਾਰ ਗਿਆ। ਵਿਸ਼ਵ ਵਿੱਚ 106ਵੇਂ ਸਥਾਨ ’ਤੇ ਕਾਬਜ਼ ਅਤੇ ਇੱਥੇ ਚੌਥਾ ਦਰਜਾ ਪ੍ਰਾਪਤ ਵੀਰ ਚੋਟਰਾਨੀ ਨੇ ਦੋ ਵਾਰ ਵਾਪਸੀ ਕਰਕੇ ਬਰਾਬਰੀ ਕੀਤੀ ਪਰ ਤੀਜਾ ਦਰਜਾ ਪ੍ਰਾਪਤ ਇਰਫ਼ਾਨ ਨੇ ਅੱਜ ਇੱਥੇ ਖੇਡੇ ਗਏ ਫਾਈਨਲ ਵਿੱਚ ਫ਼ੈਸਲਾਕੁੰਨ ਗੇਮ ਆਪਣੇ ਨਾਮ ਕਰਕੇ ਖਿਤਾਬ ਜਿੱਤਿਆ। ਪਾਕਿਸਤਾਨ ਦੇ ਖਿਡਾਰੀ ਨੇ 80 ਮਿੰਟ ਤੱਕ ਚੱਲੇ ਇਸ ਮੈਚ ਵਿੱਚ 11-7, 8-11, 12-10, 8-11, 11-8 ਨਾਲ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ 22 ਸਾਲਾ ਚੋਟਰਾਨੀ ਨੇ ਮੈਕਸਿਕੋ ਦੇ ਦੂਜਾ ਦਰਜਾ ਪ੍ਰਾਪਤ ਅਲਫਰੇਡੋ ਅਲਿਵਾ ਵਰਗਰਾ ਨੂੰ 11-3, 9-11, 11-7, 11-7 ਨਾਲ ਹਰਾ ਕੇ ਪੰਜਵੀਂ ਵਾਰ ਕਿਸੇ ਟੂਰ ਮੁਕਾਬਲੇ ਦੇ ਫਾਈਨਲ ਵਿੱਚ ਜਗ੍ਹਾ ਬਣਾਈ ਸੀ। -ਪੀਟੀਆਈ