ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਫੰਡ ਇਕੱਠਾ ਕਰਨ ਦੇ ਇੱਕ ਪ੍ਰਾਜੈਕਟ ਤਹਿਤ ਕਰੋਨਾ ਮਹਾਮਾਰੀ ਖ਼ਿਲਾਫ਼ ਦੇਸ਼ ਦੀ ਲੜਾਈ ’ਚ ਮਦਦ ਲਈ ਦੋ ਕਰੋੜ ਰੁਪਏ ਦਾਨ ਕੀਤੇ ਹਨ। ਇਹ ਦੋਵੇਂ ਆਮ ਲੋਕਾਂ ਤੋਂ ਦਾਨ ਇਕੱਠਾ ਕਰਨ ਵਾਲੀ ਸੰਸਥਾ ‘ਕੈਟੋ’ ਰਾਹੀਂ ਫੰਡ ਇਕੱਠਾ ਕਰ ਰਹੇ ਹਨ। ਜੋੜੇ ਨੇ ਇੱਕ ਬਿਆਨ ’ਚ ਕਿਹਾ, ‘ਕਰੋਨਾ ਖ਼ਿਲਾਫ਼ ਲੜਾਈ ’ਚ ਦੇਸ਼ ਦੀ ਮਦਦ ਲਈ ਉਨ੍ਹਾਂ ਦਾ ਟੀਚਾ ਇਸ ਪ੍ਰਾਜੈਕਟ ਰਾਹੀਂ 7 ਕਰੋੜ ਰੁਪਏ ਇਕੱਠੇ ਕਰਨ ਦਾ ਹੈ।’ ਬਿਆਨ ’ਚ ਕਿਹਾ ਗਿਆ, ‘ਉਹ ਲੋਕਾਂ ਤੋਂ ਦਾਨ ਇਕੱਤਰ ਕਰਨ ਵਾਲੇ ਪਲੈਟਫਾਰਮ ‘ਕੈਟੋ’ ਰਾਹੀਂ ਇੱਕ ਮੁਹਿੰਮ ਸ਼ੁਰੂ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਵੱਲੋਂ ਦੋ ਕਰੋੜ ਰੁਪਏ ਦਾਨ ਦਿੱਤੇ ਹਨ।’ ਕੈਟੋ ’ਤੇ ਇਹ ਮੁਹਿੰਮ ਸੱਤ ਦਿਨ ਚਲਾਈ ਜਾਵੇਗੀ। ਇਕੱਠੀ ਹੋਈ ਰਕਮ ਏਸੀਟੀ ਗ੍ਰਾਂਟਸ ਨਾਂ ਦੀ ਸੰਸਥਾ ਨੂੰ ਦਿੱਤੀ ਜਾਵੇਗੀ। -ਪੀਟੀਆਈ