ਦੁਬਈ: ਵਿਰਾਟ ਕੋਹਲੀ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਸੰਯੁਕਤ ਅਰਬ ਅਮੀਰਾਤ ਵਿਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਬਾਅਦ ਭਾਰਤੀ ਟੀ20 ਟੀਮ ਦੇ ਕਪਤਾਨ ਦੇ ਅਹੁਦੇ ਤੋਂ ਹਟ ਜਾਵੇਗਾ ਪਰ ਉਹ ਇਕ ਰੋਜ਼ਾ ਤੇ ਟੈਸਟ ਕ੍ਰਿਕਟ ਵਿਚ ਟੀਮ ਦੀ ਅਗਵਾਈ ਜਾਰੀ ਰੱਖੇਗਾ। ਕੋਹਲੀ ਨੇ ਆਪਣੇ ਟਵਿੱਟਰ ਪੇਜ ’ਤੇ ਇਕ ਬਿਆਨ ਪੋਸਟ ਕੀਤਾ, ‘‘ਮੈਂ ਅਕਤੂਬਰ ਵਿਚ ਦੁਬਈ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਬਾਅਦ ਟੀ20 ਦੇ ਕਪਤਾਨ ਦੇ ਅਹੁਦੇ ਤੋਂ ਹਟਣ ਦਾ ਫ਼ੈਸਲਾ ਲਿਆ ਹੈ।’’ ਪਿਛਲੇ ਕੁਝ ਸਮੇਂ ਤੋਂ ਕੋਹਲੀ ਵੱਲੋਂ ਟੀਮ ਦੀ ਕਪਤਾਨੀ ਦੇ ਭਵਿੱਖ ਨੂੰ ਲੈ ਕੇ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਸਨ। ਕੋਹਲੀ ਨੇ ਆਪਣੇ ਪੇਜ ’ਤੇ ਜਾਰੀ ਬਿਆਨ ਵਿਚ ਕਿਹਾ, ‘‘ਕਾਰਜਭਾਰ ਨੂੰ ਸਮਝਣਾ ਬਹੁਤ ਮਹੱਤਵਪੂਰਨ ਚੀਜ਼ ਹੈ ਅਤੇ ਪਿਛਲੇ ਅੱਠ-ਨੌਂ ਸਾਲਾਂ ਤੋਂ ਹੱਦੋਂ ਵੱਧ ਕਾਰਜਭਾਰ ਨੂੰ ਦੇਖਦਿਆਂ, ਮੈਨੂੰ ਲੱਗਦਾ ਹੈ ਕਿ ਮੈਨੂੰ ਟੈਸਟ ਤੇ ਇਕ ਰੋਜ਼ਾ ਕ੍ਰਿਕਟ ਵਿਚ ਭਾਰਤੀ ਟੀਮ ਦੀ ਅਗਵਾਈ ਲਈ ਪੂਰੀ ਤਰ੍ਹਾਂ ਤਿਆਰ ਹੋਣ ਵਾਸਤੇ ਖ਼ੁਦ ਨੂੰ ਕੁਝ ‘ਸਪੇਸ’ ਦੇਣ ਦੀ ਲੋੜ ਹੈ।’’ ਉਸ ਨੇ ਲਿਖਿਆ, ‘‘ਮੈਂ ਟੀ20 ਕਪਤਾਨ ਵਜੋਂ ਆਪਣੇ ਸਮੇਂ ਵਿਚ ਟੀਮ ਨੂੰ ਆਪਣਾ ਸਭ ਕੁਝ ਦਿੱਤਾ ਅਤੇ ਮੈਂ ਟੀ20 ਕਪਤਾਨ ਲਈ ਅਜਿਹਾ ਕਰਨਾ ਜਾਰੀ ਰੱਖਾਂਗਾ।’’ ਕੋਹਲੀ ਨੇ ਕਿਹਾ ਕਿ ਉਸ ਨੇ ਇਹ ਫੈਸਲਾ ਮੁੱਖ ਕੋਚ ਰਵੀ ਸ਼ਾਸਤਰੀ, ਰੋਹਿਤ (ਸਪੱਸ਼ਟ ਤੌਰ ’ਤੇ ਉਸ ਦੀ ਜਗ੍ਹਾ ਲੈਣ ਵਾਲਾ), ਭਾਰਤੀ ਕ੍ਰਿਕਟ ਬੋਰਡ ਦੇ ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨਾਲ ਮਸ਼ਵਰਾ ਕਰਨ ਮਗਰੋਂ ਲਿਆ ਹੈ। -ਪੀਟੀਆਈ