ਬ੍ਰਿਸਬੇਨ, 17 ਅਕਤੂਬਰ
ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਆਪਣੇ ਪਹਿਲੇ ਵਾਰਮਅੱਪ ਮੁਕਾਬਲੇ ਵਿੱਚ ਮੇਜ਼ਬਾਨ ਆਸਟਰੇਲੀਆ ਨੂੰ 6 ਦੌੜਾਂ ਨਾਲ ਹਰਾ ਦਿੱਤਾ। ਭਾਰਤ ਨੇ ਗਾਬਾ ਦੇ ਮੈਦਾਨ ’ਤੇ ਕੇ.ਐੱਲ.ਰਾਹੁਲ (33 ਗੇਂਦਾਂ ’ਤੇ 57 ਦੌੜਾਂ) ਤੇ ਸੂਰਿਆਕੁਮਾਰ (33 ਗੇਂਦਾਂ ’ਤੇ 50 ਦੌੜਾਂ) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਨਿਰਧਾਰਿਤ 20 ਓਵਰਾਂ ਵਿੱਚ ਸੱਤ ਵਿਕਟਾਂ ਦੇ ਨੁਕਸਾਨ ਨਾਲ 186 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਅਨ ਟੀਮ ਨੂੰ ਆਖਰੀ ਦੋ ਓਵਰਾਂ ਵਿੱਚ 16 ਦੌੜਾਂ ਦੀ ਲੋੜ ਸੀ ਤੇ ਉਸ ਦੀਆਂ 6 ਵਿਕਟਾਂ ਸਲਾਮਤ ਸਨ, ਪਰ ਮੁਹੰਮਦ ਸ਼ਾਮੀ ਵੱਲੋਂ ਕੀਤਾ ਆਖਰੀ ਓਵਰ ਫ਼ੈਸਲਕੁਨ ਸਾਬਤ ਹੋਇਆ। ਜੁਲਾਈ ਮਗਰੋਂ ਆਪਣਾ ਪਲੇਠਾ ਮੁਕਾਬਲਾ ਖੇਡ ਰਹੇ ਸ਼ਾਮੀ ਨੇ ਆਖਰੀ ਓਵਰ ਵਿੱਚ ਤਿੰਨ ਵਿਕਟਾਂ ਲਈਆਂ ਤੇ ਇਕ ਆਸਟਰੇਲੀਅਨ ਖਿਡਾਰੀ ਨੂੰ ਰਨਆਊਟ ਕੀਤਾ। ਸ਼ਾਮੀ ਨੂੰ ਜ਼ਖ਼ਮੀ ਜਸਪ੍ਰੀਤ ਬੁਮਰਾਹ ਦੀ ਥਾਂ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। -ਪੀਟੀਆਈ