ਨਵੀਂ ਦਿੱਲੀ, 1 ਜਨਵਰੀ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦਾ ਵਿਵਾਦ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਡਬਲਿਊਐੱਫਆਈ ਦੇ ਮੁਅੱਤਲ ਪ੍ਰਧਾਨ ਸੰਜੈ ਸਿੰਘ ਨੇ ਅੱਜ ਕਿਹਾ ਕਿ ਉਹ ਐਡਹਾਕ ਕਮੇਟੀ ਜਾਂ ਖੇਡ ਮੰਤਰਾਲੇ ਵੱਲੋਂ ਫੈਡਰੇਸ਼ਨ ਮੁਅੱਤਲ ਕਰਨ ਦਾ ਫ਼ੈਸਲਾ ਸਵੀਕਾਰ ਨਹੀਂ ਕਰਦੇ। ਸੰਜੈ ਨੇ ਕਿਹਾ ਕਿ ਉਹ ਹੀ ਕੌਮੀ ਕੁਸ਼ਤੀ ਚੈਂਪੀਅਨਸ਼ਿਪ ਕਰਵਾਉਣਗੇ। ਡਬਲਿਊਐੱਫਆਈ ਦੀਆਂ ਚੋਣਾਂ ਤੋਂ ਤਿੰਨ ਦਿਨ ਬਾਅਦ 24 ਦਸੰਬਰ ਨੂੰ ਖੇਡ ਮੰਤਰਾਲੇ ਨੇ ਫੈਡਰੇਸ਼ਨ ਨੂੰ ਮੁਅੱਤਲ ਕਰ ਦਿੱਤਾ ਸੀ। ਇਸ ਮਗਰੋਂ ਸਰਕਾਰ ਦੀ ਅਪੀਲ ’ਤੇ ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਭੁਪਿੰਦਰ ਸਿੰਘ ਬਾਜਵਾ ਦੀ ਅਗਵਾਈ ਹੇਠ ਤਿੰਨ ਮੈਂਬਰੀ ਪੈਨਲ ਕਾਇਮ ਕੀਤਾ ਹੈ। ਕਮੇਟੀ ਦੇ ਹੋਰ ਮੈਂਬਰਾਂ ਵਿੱਚ ਸਾਬਕਾ ਹਾਕੀ ਖਿਡਾਰੀ ਐੱਮਐੱਮ ਸੋਮਾਇਆ ਅਤੇ ਸਾਬਕਾ ਬੈਡਮਿੰਟਨ ਖਿਡਾਰਨ ਮੰਜੂਸ਼ਾ ਕੰਵਰ ਸ਼ਾਮਲ ਹਨ। ਐਡਹਾਕ ਕਮੇਟੀ ਨੇ 2 ਤੋਂ 5 ਫਰਵਰੀ ਤੱਕ ਜੈਪੁਰ ਵਿੱਚ ਸੀਨੀਅਰ ਕੌਮੀ ਚੈਂਪੀਅਨਸ਼ਿਪ ਕਰਵਾਉਣ ਦਾ ਐਲਾਨ ਕੀਤਾ ਹੈ। ਸੰਜੈ ਸਿੰਘ ਨੇ ਕਿਹਾ, ‘‘ਸਾਡੀਆਂ ਚੋਣਾਂ ਜਮਹੂਰੀ ਢੰਗ ਨਾਲ ਹੋਈਆਂ ਸਨ। ਰਿਟਰਨਿੰਗ ਅਫਸਰ ਨੇ ਕਾਗਜ਼ਾਂ ’ਤੇ ਦਸਤਖਤ ਕੀਤੇ। ਇਸ ਨੂੰ ਉਹ ਨਜ਼ਰਅੰਦਾਜ਼ ਕਿਵੇਂ ਕਰ ਸਕਦੇ ਹਨ। ਅਸੀਂ ਇਸ ਐਡਹਾਕ ਕਮੇਟੀ ਨੂੰ ਸਵੀਕਾਰ ਨਹੀਂ ਕਰਦੇ।’’ ਇਹ ਪੁੱਛੇ ਜਾਣ ’ਤੇ ਕਿ ਕੌਮੀ ਚੈਂਪੀਅਨਸ਼ਿਪ ਕਿਵੇਂ ਹੋਵੇਗੀ, ਉਨ੍ਹਾਂ ਕਿਹਾ, ‘‘ਅਸੀਂ ਇਸ ਮੁਅੱਤਲੀ ਨੂੰ ਨਹੀਂ ਮੰਨਦੇ। ਡਬਲਿਊਐੱਫਆਈ ਵਧੀਆ ਕੰਮ ਕਰ ਰਹੀ ਹੈ। ਜੇ ਸਾਡੀਆਂ ਸਟੇਟ ਐਸੋਸੀਏਸ਼ਨਾਂ ਟੀਮਾਂ ਨਹੀਂ ਭੇਜਦੀਆਂ ਤਾਂ ਐਡਹਾਕ ਕਮੇਟੀ ਕੌਮੀ ਚੈਂਪੀਅਨਸ਼ਿਪ ਕਿਵੇਂ ਕਰਵਾਏਗੀ? ਅਸੀਂ ਜਲਦੀ ਹੀ ਆਪਣੀ ਕੌਮੀ ਚੈਂਪੀਅਨਸ਼ਿਪ ਕਰਾਵਾਂਗੇ। ਅਸੀਂ ਜਲਦੀ ਹੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਬੁਲਾਵਾਂਗੇ। ਉਨ੍ਹਾਂ ਤੋਂ ਪਹਿਲਾਂ ਅਸੀਂ ਚੈਂਪੀਅਨਸ਼ਿਪ ਕਰਾਵਾਂਗੇ।’’ -ਪੀਟੀਆਈ