ਬਰਮਿੰਘਮ, 3 ਅਗਸਤ
ਭਾਰਤ ਦੇ ਲਵਪ੍ਰੀਤ ਸਿੰਘ ਨੇ ਅੱਜ ਇੱਥੇ ਪੁਰਸ਼ਾਂ ਦੇ 109 ਕਿਲੋਗ੍ਰਾਮ ਭਾਰ ਵਰਗ ਦੇ ਵੇਟਲਿਫਟਿੰਗ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦਾ ਵੇਟਲਿਫ਼ਟਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪੰਜਾਬ ਦੇ ਅੰਮ੍ਰਿਤਸਰ ਨਾਲ ਸਬੰਧਤ ਦਰਜੀ ਦੇ ਬੇਟੇ ਲਵਪ੍ਰੀਤ ਨੇ ਵੇਟਲਿਫ਼ਟਿੰਗ ਵਿਚ ਕੁੱਲ 355 ਕਿਲੋ ਵਜ਼ਨ ਚੁੱਕਿਆ। ਇਸ ਦੇ ਨਾਲ ਹੀ ਲਵਪ੍ਰੀਤ ਨੇ ਕਲੀਨ ਐਂਡ ਜਰਕ ਵਿਚ 192 ਕਿਲੋ ਭਾਰ ਚੁੱਕ ਕੇ ਨਵਾਂ ਰਾਸ਼ਟਰੀ ਰਿਕਾਰਡ ਵੀ ਆਪਣੇ ਨਾਂ ਕੀਤਾ। ਉਨ੍ਹਾਂ ਸਨੈਚ ਵਿਚ 163 ਕਿਲੋਗ੍ਰਾਮ ਵਜ਼ਨ ਉਠਾਇਆ। ਕੈਮਰੂਨ ਦੇ ਜੂਨੀਅਰ ਨਯਾਬੇਯੇਯੂ ਨੇ ਕੁੱਲ 360 ਕਿਲੋ ਭਾਰਤ ਚੁੱਕ ਕੇ ਸੋਨ ਤਗਮਾ ਜਦਕਿ ਸਮੋਆ ਦੇ ਜੈਕ ਓਪੇਲੋਗੇ ਨੇ 358 ਕਿਲੋ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ। ਭਾਰਤ ਨੇ ਹੁਣ ਤੱਕ ਵੇਟਲਿਫਟਿੰਗ ਵਿਚ 8 ਤਗਮੇ ਜਿੱਤ ਲਏ ਹਨ। ਇਨ੍ਹਾਂ ਵਿਚ ਤਿੰਨ ਸੋਨ ਤਗਮੇ ਸ਼ਾਮਲ ਹਨ।
ਲਵਪ੍ਰੀਤ ਨੇ ਸਨੈਚ ਵਿਚ ਆਪਣੀ ਆਖ਼ਰੀ ਕੋਸ਼ਿਸ਼ ਵਿਚ 157 ਕਿਲੋ ਵਿਚੋਂ 163 ਕਿਲੋ ਵਜ਼ਨ ਚੁੱਕਿਆ ਜਿਸ ਨਾਲ ਉਹ ਕੈਨੇਡਾ ਦੇ ਪਿਅਰੇ ਐਲਗਜ਼ਾਂਦਰੇ ਬਸੇਟੇ ਦੇ ਨਾਲ ਸੰਯੁਕਤ ਰੂਪ ਵਿਚ ਦੂਜੇ ਸਥਾਨ ਉਤੇ ਪਹੁੰਚ ਗਏ। ਪਰ ਕਲੀਨ ਐਂਡ ਜਰਕ ਵਿਚ ਕਰੜੇ ਮੁਕਾਬਲੇ ਵਿਚ ਉਹ ਤੀਸਰੇ ਸਥਾਨ ਉਤੇ ਖ਼ਿਸਕ ਗਏ। ਰਾਸ਼ਟਰਮੰਡਲ ਜੂਨੀਅਰ ਚੈਂਪੀਅਨ ਲਵਪ੍ਰੀਤ ਨੇ ਕਿਹਾ, ‘ਕੌਮਾਂਤਰੀ ਮੰਚ ਉਤੇ ਇਹ ਮੇਰਾ ਪਹਿਲਾ ਵੱਡਾ ਮੁਕਾਬਲਾ ਸੀ ਤੇ ਮੈਂ ਆਪਣਾ ਸਰਵੋਤਮ ਪ੍ਰਦਰਸ਼ਨ ਕਰ ਕੇ ਤਗਮਾ ਜਿੱਤਿਆ ਹੈ। ਮੈਂ ਇਸ ਤੋਂ ਬਹੁਤ ਖ਼ੁਸ਼ ਹਾਂ।’ ਲਵਪ੍ਰੀਤ ਆਪਣੇ ਪਿਤਾ ਦੇ ਪੇਸ਼ੇ ਨਾਲ ਜੁੜੇ ਰਹਿ ਸਕਦੇ ਸਨ ਪਰ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਨੂੰ ਖਿਡਾਰੀ ਬਣਾਉਣਾ ਚਾਹੁੰਦਾ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਾਂ ਨੇ ਲਵਪ੍ਰੀਤ ਨੂੰ ਇਸ ਪ੍ਰਾਪਤੀ ਉਤੇ ਵਧਾਈ ਦਿੱਤੀ ਹੈ। -ਪੀਟੀਆਈ
ਡੀਏਵੀ ਕਾਲਜ ਦੇ ਮੈਦਾਨ ਤੋਂ ਸ਼ੁਰੂ ਕੀਤਾ ਖੇਡਾਂ ਦਾ ਸਫ਼ਰ…
ਲਵਪ੍ਰੀਤ ਸਿੰਘ ਦਾ ਖੇਡਾਂ ਦਾ ਸਫ਼ਰ 13 ਸਾਲ ਦੀ ਉਮਰ ਵਿਚ ਡੀਏਵੀ ਕਾਲਜ ਦੇ ਮੈਦਾਨ ਵਿਚ ਟਰੇਨਿੰਗ ਨਾਲ ਸ਼ੁਰੂ ਹੋਇਆ। ਲਵਪ੍ਰੀਤ ਨੇ ਕਿਹਾ, ‘ਬਾਕੀ ਖਿਡਾਰੀਆਂ ਵਾਂਗ ਮੈਨੂੰ ਵੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਵਿਚ ਵਿੱਤੀ ਅੜਿੱਕੇ ਵੀ ਸਨ ਪਰ ਮਾਤਾ-ਪਿਤਾ ਨੇ ਯਕੀਨੀ ਬਣਾਇਆ ਕਿ ਮੈਂ ਅੱਗੇ ਵਧਦਾ ਰਹਾਂ।’ ਇਸ ਹੈਵੀਵੇਟ ਵੇਟਲਿਫਟਰ ਦਾ ਜੀਵਨ 2015 ਵਿਚ ਭਾਰਤੀ ਜਲ ਸੈਨਾ ਨਾਲ ਜੁੜਨ ਤੋਂ ਬਾਅਦ ਬਦਲ ਗਿਆ ਤੇ ਉਹ ਪਟਿਆਲਾ ਦੇ ਕੌਮੀ ਕੈਂਪ ਨਾਲ ਜੁੜ ਗਿਆ। ਵੇਟਲਿਫ਼ਟਰ ਵਿਕਾਸ ਠਾਕੁਰ ਵਾਂਗ ਲਵਪ੍ਰੀਤ ਨੇ ਵੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ‘ਪੱਟ ਉਤੇ ਥਾਪੀ ਮਾਰ ਕੇ’ ਜਿੱਤ ਦਾ ਜਸ਼ਨ ਮਨਾਇਆ। -ਪੀਟੀਆਈ