ਨਵੀਂ ਦਿੱਲੀ, 19 ਜੁਲਾਈ
ਮੌਜੂਦਾ ਅੰਡਰ-20 ਵਿਸ਼ਵ ਚੈਂਪੀਅਨ ਅੰਤਿਮ ਪੰਘਾਲ ਨੇ ਵਿਨੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ ਲਈ ਚੋਣ ਟਰਾਇਲਾਂ ਤੋਂ ਛੋਟ ਦੇਣ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਿਰਫ਼ ਉਹ ਹੀ ਨਹੀਂ, ਸਗੋਂ ਹੋਰ ਵੀ ਕਈ ਭਾਰਤੀ ਪਹਿਲਵਾਨ ਵਿਨੇਸ਼ ਨੂੰ 53 ਕਿਲੋਗ੍ਰਾਮ ਵਰਗ ਵਿੱਚ ਹਰਾਉਣ ਦੇ ਸਮਰਥ ਹਨ। ਵਿਨੇਸ਼ (53 ਕਿਲੋਗ੍ਰਾਮ) ਅਤੇ ਬਜਰੰਗ ਪੂਨੀਆ (65 ਕਿਲੋਗ੍ਰਾਮ) ਨੂੰ ਮੰਗਲਵਾਰ ਨੂੰ ਭਾਰਤੀ ਓਲੰਪਿਕ ਸੰਘ ਦੀ ਐਡਹਾਕ ਕਮੇਟੀ ਨੇ ਏਸ਼ਿਆਈ ਖੇਡਾਂ ‘ਚ ਸਿੱਧਾ ਪ੍ਰਵੇਸ਼ ਦਿੱਤਾ, ਜਦਕਿ ਬਾਕੀ ਪਹਿਲਵਾਨਾਂ ਨੂੰ 22 ਅਤੇ 23 ਜੁਲਾਈ ਨੂੰ ਟਰਾਇਲਾਂ ਤੋਂ ਗੁਜ਼ਰਨਾ ਹੋਵੇਗਾ। ਹਿਸਾਰ ਦੀ ਰਹਿਣ ਵਾਲੀ 19 ਸਾਲਾ ਪੰਘਾਲ ਨੇ ਵੀ 53 ਕਿਲੋਗ੍ਰਾਮ ਵਿਚ ਉਤਰੀ ਹੈ। ਉਸ ਨੇ ਪੁੱਛਿਆ ਕਿ ਇੰਨੇ ਲੰਬੇ ਸਮੇਂ ਤੱਕ ਅਭਿਆਸ ਨਾ ਕਰਨ ਦੇ ਬਾਵਜੂਦ ਵਿਨੇਸ਼ ਕਿਵੇਂ ਚੁਣੀ ਗਈ। ਸੀਨੀਅਰ ਏਸ਼ਿਆਈ ਚੈਂਪੀਅਨਸ਼ਿਪ ਦੀ ਚਾਂਦੀ ਦਾ ਤਗ਼ਮਾ ਜੇਤੂ ਪੰਘਾਲ ਨੇ ਵੀਡੀਓ ਵਿੱਚ ਕਿਹਾ, ‘ਵਿਨੇਸ਼ ਫੋਗਾਟ ਨੂੰ ਏਸ਼ਿਆਈ ਖੇਡਾਂ ਵਿੱਚ ਸਿੱਧਾ ਦਾਖਲਾ ਮਿਲ ਗਿਆ ਚਾਹੇ ਉਸ ਨੇ ਸਾਲ ਤੋਂ ਅਭਿਆਸ ਵੀ ਨਹੀਂ ਕੀਤਾ। ਇੱਕ ਸਾਲ ਵਿੱਚ ਉਸਦੀ ਕੋਈ ਪ੍ਰਾਪਤੀ ਨਹੀਂ ਹੈ। ਪਿਛਲੇ ਸਾਲ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਮੈਂ ਸੋਨ ਤਮਗਾ ਜਿੱਤਿਆ ਸੀ ਅਤੇ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਸੀ। ਏਸ਼ੀਅਨ ਚੈਂਪੀਅਨਸ਼ਿਪ 2023 ਵਿੱਚ ਮੈਂ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਵਿਨੇਸ਼ ਨੇ ਕੁਝ ਨਹੀਂ ਕੀਤਾ। ਉਹ ਵੀ ਜ਼ਖਮੀ ਵੀ ਸੀ। ਸਾਕਸ਼ੀ ਮਲਿਕ ਨੇ ਓਲੰਪਿਕ ਤਮਗਾ ਜਿੱਤਿਆ ਹੈ ਪਰ ਉਸ ਨੂੰ ਵੀ ਨਹੀਂ ਭੇਜਿਆ ਜਾ ਰਿਹਾ ਹੈ। ਵਿਨੇਸ਼ ‘ਚ ਅਜਿਹਾ ਕੀ ਖਾਸ ਹੈ ਕਿ ਉਸ ਨੂੰ ਸਿੱਧਾ ਭੇਜਿਆ ਜਾ ਰਿਹਾ ਹੈ। ਟਰਾਇਲ ਕਰਵਾਓ। ਸਿਰਫ਼ ਮੈਂ ਹੀ ਨਹੀਂ ਕਈ ਕੁੜੀਆਂ ਹਨ, ਜੋ ਵਿਨੇਸ਼ ਨੂੰ ਮਾਤ ਦੇ ਸਕਦੀਆਂ ਹਨ।’