ਵਿੰਬਲਡਨ, 11 ਜੁਲਾਈ
ਯੂਕਰੇਨ ਦੀ ਟੈਨਿਸ ਖਿਡਾਰਨ ਇਲੀਨਾ ਸਵਿਤੋਲੀਨਾ ਨੇ ਅੱਜ ਇੱਥੇ ਮਹਿਲਾ ਸਿੰਗਲਜ਼ ਵਿੱਚ ਈਗਾ ਸਵੀਐਤਕ ਨੂੰ ਹਰਾ ਕੇ ਵਿੰਬਲਡਨ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਉਸ ਨੇ ਚੋਟੀ ਦਾ ਦਰਜਾ ਪ੍ਰਾਪਤ ਈਗਾ ਨੂੰ 7-5, 6-7 (5), 6-2 ਨਾਲ ਹਰਾਇਆ। ਇਸੇ ਦੌਰਾਨ ਚੈੱਕ ਗਣਰਾਜ ਦੀ ਖਿਡਾਰਨ ਮਾਰਕੇਟਾ ਵੋਂਡਰੋਸੋਵਾ ਵੀ ਚੌਥਾ ਦਰਜਾ ਪ੍ਰਾਪਤ ਜੈਸਿਕਾ ਪੈਗੁਲਾ ਨੂੰ ਹਰਾ ਕੇ ਆਖ਼ਰੀ ਚਾਰ ਵਿੱਚ ਪਹੁੰਚ ਗਈ ਹੈ। ਉਸ ਨੇ ਅਮਰੀਕਾ ਦੀ ਖਿਡਾਰਨ ਨੂੰ 6-4, 2-6, 6-4 ਨਾਲ ਸ਼ਿਕਸਤ ਦਿੱਤੀ। ਹੋਰ ਮਕਾਬਲਿਆਂ ਵਿੱਚ ਓਨਸ ਜਾਬੋਰ ਦਾ ਸਾਹਮਣਾ ਮਹਿਲਾ ਸਿੰਗਲਜ਼ ਦੇ ਕੁਆਰਟਰ ਫਾਈਨਲ ਵਿੱਚ ਇਲੀਨਾ ਰਾਇਬਾਕੀਨਾ ਨਾਲ ਹੋਵੇਗਾ। ਛੇਵਾਂ ਦਰਜਾ ਪ੍ਰਾਪਤ ਟਿਊਨੀਸ਼ੀਆ ਦੀ ਜਾਬੋਰ ਨੇ ਬੀਤੇ ਦਿਨ ਚੌਥੇ ਗੇੜ ਵਿੱਚ ਦੋ ਵਾਰ ਦੀ ਚੈਂਪੀਅਨ ਪੇਤਰਾ ਕਵਿਤੋਵਾ ਨੂੰ 6-0, 6-3 ਨਾਲ ਹਰਾਇਆ ਸੀ। ਜਿੱਤ ਮਗਰੋਂ ਉਸ ਨੇ ਕਿਹਾ, ‘‘ਮੈਂ ਬਦਲਾ ਲੈਣ ਉੱਤਰਾਂਗੀ। ਪਿਛਲੇ ਸਾਲ ਫਾਈਨਲ ਦੀ ਹਾਰ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਹਨ।’’ਬੀਐਟਰਿਜ਼ ਹੱਦਾਦ ਪਿੱਠ ਦੀ ਸੱਟ ਕਾਰਨ ਕੋਰਟ ਛੱਡਣ ਲਈ ਮਜ਼ਬੂਰ ਹੋ ਗਈ, ਜਿਸ ਦੀ ਬਦੌਲਤ ਕਜ਼ਾਖਸਤਾਨ ਦੀ ਰਾਇਬਾਕੀਨਾ ਨੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। -ਏਪੀ