ਵਿੰਬਲਡਨ, 17 ਜੁਲਾਈ
ਤਾਇਵਾਨ ਦੀ ਸੀਹ ਸੂ-ਵੇਈ ਅਤੇ ਚੈੱਕ ਗਣਰਾਜ ਦੀ ਟੈਨਿਸ ਖਿਡਾਰਨ ਬਾਰਬਰਾ ਸਟ੍ਰਾਈਕੋਵਾ ਨੇ ਇੱਥੇ ਬੈਲਜੀਅਮ ਦੀ ਏਲਿਸ ਮੇਰਟੇਨਜ਼ ਅਤੇ ਆਸਟਰੇਲੀਆ ਦੀ ਸਟੋਰਮ ਹੰਟਰ ਨੂੰ ਹਰਾ ਕੇ ਦੂਜੀ ਵਾਰ ਵਿੰਬਲਡਨ ਮਹਿਲਾ ਡਬਲਜ਼ ਦਾ ਖਿਤਾਬ ਜਿੱਤ ਲਿਆ ਹੈ। ਸੂ-ਵੇਈ ਅਤੇ ਸਟ੍ਰਾਈਕੋਵਾ ਦੀ ਜੋੜੀ ਨੇ ਫਾਈਨਲ ਵਿੱਚ ਬੈਲਜੀਅਮ ਅਤੇ ਆਸਟਰੇਲੀਆ ਦੀ ਜੋੜੀ ਨੂੰ ਸਿੱਧੇ ਸੈੱਟਾਂ ਵਿੱਚ 7-5, 6-4 ਨਾਲ ਹਰਾਇਆ। ਸੂ-ਵੇਈ ਨੇ ਬੈਕਹੈਂਡ ਨਾਲ ਦੂਜਾ ਮੈਚ ਪੁਆਇੰਟ ਜਿੱਤਿਆ, ਜਿਸ ਨਾਲ 2019 ਦੀ ਵਿੰਬਲਡਨ ਚੈਂਪੀਅਨ ਜੋੜੀ ਨੇ ਵਿਰੋਧੀ ਜੋੜੀ ਦੀ ਸਰਵਿਸ ਤੋੜ ਕੇ ਖਿਤਾਬ ਆਪਣੇ ਨਾਮ ਕਰ ਲਿਆ। ਸਟ੍ਰਾਈਕੋਵਾ ਨੇ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਟੈਨਿਸ ਵਿੱਚ ਵਾਪਸੀ ਕੀਤੀ ਹੈ ਅਤੇ ਹੁਣ ਉਸ ਨੂੰ ਲੱਗਦਾ ਹੈ ਕਿ ਇਹ ਉਸ ਦਾ ਆਖਰੀ ਵਿੰਬਲਡਨ ਟੂਰਨਾਮੈਂਟ ਹੈ। ਸਟ੍ਰਾਈਕੋਵਾ ਨੇ ਕਿਹਾ, “ਮੈਂ ਇਸ ਤੋਂ ਬਿਹਤਰ ਅੰਤ ਦੀ ਉਮੀਦ ਨਹੀਂ ਕਰ ਸਕਦੀ ਸੀ। ਪਿਛਲੇ ਸਾਲ ਮੈਂ ਸੂ-ਵੇਈ ਨੂੰ ਐੱਸਐੱਮਐੱਸ ਕਰ ਕੇ ਇਕੱਠੇ ਵਿੰਬਲਡਨ 2023 ਖੇਡਣ ਦੀ ਕੋਸ਼ਿਸ਼ ਕਰਨ ਲਈ ਕਿਹਾ ਸੀ।’’ -ਏਪੀ