ਵਿੰਬਲਡਨ: ਵਿੰਬਲਡਨ ਦੇ ਫਾਈਨਲ ’ਚ ਐਤਵਾਰ ਨੂੰ ਸਰਬੀਆ ਦੇ ਨੋਵਾਕ ਜੋਕੋਵਿਚ ਅਤੇ ਸਪੇਨ ਦੇ ਕਾਰਲੋਸ ਅਲਕਰਾਜ਼ ਵਿਚਾਲੇ ਖ਼ਿਤਾਬੀ ਮੁਕਾਬਲਾ ਹੋਵੇਗਾ। ਮੈਚ ਦੌਰਾਨ ਤਜਰਬੇ ਅਤੇ ਜੋਸ਼ ਦਾ ਮੁਕਾਬਲਾ ਦੇਖਣ ਨੂੰ ਮਿਲੇਗਾ ਜਿੱਥੇ 36 ਸਾਲਾਂ ਦਾ ਜੋਕੋਵਿਚ ਅਤੇ 20 ਸਾਲਾਂ ਦਾ ਅਲਕਰਾਜ਼ ਆਹਮੋ-ਸਾਹਮਣੇ ਹੋਣਗੇ। ਕਿਸੇ ਗਰੈਂਡ ਸਲੈਮ ਦੇ ਫਾਈਨਲ ਵਿੱਚ 1974 ਤੋਂ ਬਾਅਦ ਦੋਵਾਂ ਖਿਡਾਰੀਆਂ ਦੀ ਉਮਰ ਦਾ ਇਹ ਸਭ ਤੋਂ ਵੱਡਾ ਫਰਕ ਹੈ। ਸਪੇਨੀ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਵਿਸ਼ਵ ਦਰਜਾਬੰਦੀ ਵਿੱਚ ਪਹਿਲੇ ਸਥਾਨ ’ਤੇ ਜਦਕਿ ਜੋਕੋਵਿਚ ਦੂੂਜੇ ਨੰਬਰ ’ਤੇ ਹੈ। ਨੋਵਾਕ ਜੋਕੋਵਿਚ ਪਹਿਲਾਂ 7 ਵਾਰ ਇਹ ਵਿੰਬਲਡਨ ਖ਼ਿਤਾਬ ਜਿੱਤ ਚੁੱਕਾ ਹੈ ਅਤੇ ਅੱਠ ਵਾਰ ਇਹ ਖ਼ਿਤਾਬ ਜਿੱਤਣ ਵਾਲੇ ਰੋਜਰ ਫੈਡਰਰ ਦੀ ਬਰਾਬਰੀ ਕਰਨ ਲਈ ਉਸ ਅੱਗੇ ਅਲਕਰਾਜ਼ ਦੀ ਚੁਣੌਤੀ ਹੋਵੇਗੀ। ਜੇਕਰ ਜੋਕੋਵਿਚ ਚੈਂਪੀਅਨ ਬਣਦਾ ਹੈ ਤਾਂ ਉਹ ਵਿੰਬਲਡਨ ਖ਼ਿਤਾਬ ਜਿੱਤਣ ਵਾਲਾ ਸਭ ਤੋਂ ਵੱਡੀ ਉਮਰ ਦਾ ਪੁਰਸ਼ ਖਿਡਾਰੀ ਹੋਵੇਗਾ। ਅਲਕਰਾਜ਼ ਨੇ ਸੈਮੀਫਾਈਨਲ ਵਿੱਚ ਤੀਜਾ ਦਰਜਾ ਹਾਸਲ ਰੂਸੀ ਖਿਡਾਰੀ ਦਾਨਿਲ ਮੈਦਵੇਦੇਵ ਨੂੰ ਹਰਾਇਆ ਸੀ। -ਏਪੀ