ਸਿਲਹਟ: ਭਾਰਤ ਨੇ ਮਹਿਲਾ ਏਸ਼ੀਆ ਕੱਪ ਦੇ ਆਪਣੇ ਆਖਰੀ ਗਰੁੱਪ ਮੈਚ ’ਚ ਅੱਜ ਇੱਥੇ ਥਾਈਲੈਂਡ ਨੂੰ ਸਿਰਫ਼ 37 ਦੌੜਾਂ ’ਤੇ ਸਮੇਟਣ ਤੋਂ ਬਾਅਦ ਛੇ ਓਵਰਾਂ ’ਚ ਹੀ ਟੀਚਾ ਹਾਸਲ ਕਰਕੇ ਗਰੁੱਪ ਗੇੜ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਭਾਰਤ ਦੀ ਛੇ ਮੈਚਾਂ ’ਚ ਇਹ ਪੰਜਵੀਂ ਜਿੱਤ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਥਾਈਲੈਂਡ ਦੀ ਟੀਮ 16 ਓਵਰਾਂ ’ਚ 37 ਦੌੜਾਂ ਬਣਾ ਕੇ ਆਊਟ ਹੋ ਗਈ। ਥਾਈਲੈਂਡ ਵੱਲੋਂ ਨਾਨਾਪਟ ਕੋਨਚਾਰੋਐਨਕੇਈ ਨੇ ਸਭ ਤੋਂ ਵੱਧ 12 ਦੌੜਾਂ ਬਣਾਈਆਂ। ਭਾਰਤ ਵੱਲੋਂ ਸਨੇਹ ਰਾਣਾ ਨੇ ਤਿੰਨ ਅਤੇ ਦੀਪਤੀ ਸ਼ਰਮਾ ਤੇ ਰਾਜੇਸ਼ਵਰੀ ਗਾਇਕਵਾੜ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਬਾਅਦ ਬੱਲੇਬਾਜ਼ੀ ਦੌਰਾਨ ਭਾਰਤ ਨੇ ਐੱਸ ਮੇਘਨਾ (ਨਾਬਾਦ 20) ਤੇ ਪੂਜਾ (ਨਾਬਾਦ 12) ਦੀਆਂ ਪਾਰੀਆਂ ਦੀ ਬਦੌਲਤ ਛੇ ਓਵਰਾਂ ’ਚ ਇੱਕ ਵਿਕਟ ਦੇ ਨੁਕਸਾਨ ’ਤੇ 40 ਦੌੜਾਂ ਬਣਾ ਦੇ ਜਿੱਤ ਦਰਜ ਕੀਤੀ। -ਪੀਟੀਆਈ