ਐਮਸਟਲਵੀਨ: ਭਾਰਤੀ ਮਹਿਲਾ ਹਾਕੀ ਟੀਮ ਨੂੰ ਐੱਫਆਈਐੱਚ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਵੀਰਵਾਰ ਨੂੰ ਇੱਥੇ ਨਿਊਜ਼ੀਲੈਂਡ ਖ਼ਿਲਾਫ਼ ਆਪਣੇ ਆਖਰੀ ਪੂਲ ਬੀ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ। ਪਿਛਲੇ ਸਾਲ ਟੋਕੀਓ ਓਲੰਪਿਕ ਵਿੱਚ ਇਤਿਹਾਸਕ ਚੌਥਾ ਸਥਾਨ ਹਾਸਲ ਕਰਨ ਵਾਲੀ ਭਾਰਤੀ ਟੀਮ ਨੇ ਇੰਗਲੈਂਡ ਅਤੇ ਚੀਨ ਨਾਲ ਆਪਣੇ ਪਹਿਲੇ ਦੋ ਮੈਚ 1-1 ਨਾਲ ਡਰਾਅ ਖੇਡੇ। ਸਵਿਤਾ ਦੀ ਅਗਵਾਈ ਵਾਲੀ ਟੀਮ ਫਿਲਹਾਲ ਪੂਲ ਬੀ ਵਿੱਚ ਦੋ ਅੰਕਾਂ ਨਾਲ ਚੀਨ ਅਤੇ ਨਿਊਜ਼ੀਲੈਂਡ ਤੋਂ ਹੇਠਾਂ ਤੀਜੇ ਸਥਾਨ ’ਤੇ ਹੈ। ਮੁੱਖ ਕੋਚ ਜੈਨੇਕੇ ਸਕੋਪਮੈਨ ਨੇ ਕਿਹਾ, ‘‘ਨਿਊਜ਼ੀਲੈਂਡ ਦੀ ਟੀਮ ਖ਼ਿਲਾਫ਼ ਖੇਡਣਾ ਸੌਖਾ ਨਹੀਂ। ਉਨ੍ਹਾਂ ਦੇ ਜਵਾਬੀ ਹਮਲੇ ਕਾਫੀ ਖ਼ਤਰਨਾਕ ਹੁੰਦੇ ਹਨ ਅਤੇ ਇਸ ਲਈ ਲਈ ਸਾਨੂੰ ਤਿਆਰ ਰਹਿਣਾ ਪਵੇਗਾ। ਸਾਨੂੰ ਆਪਣੀ ਤਾਕਤ ਅਨੁਸਾਰ ਖੇਡਣਾ ਪਵੇਗਾ।’’ ਪਹਿਲੇ ਦੋ ਮੈਚਾਂ ’ਚ ਜੇ ਭਾਰਤ ਦੇ ਪ੍ਰਦਰਸ਼ਨ ਨੂੰ ਆਧਾਰ ਮੰਨਿਆ ਜਾਵੇ ਤਾਂ ਟੀਮ ਲਈ ਨਿਊਜ਼ਲੈਂਡ ਨੂੰ ਹਰਾਉਣਾ ਸੌਖਾ ਨਹੀਂ ਹੋਵੇਗਾ। ਦੋਹਾਂ ਮੈਚਾਂ ਵਿੱਚ ਭਾਰਤੀ ਡਿਫੈਂਸ ਨੇ ਤਾਂ ਪ੍ਰਭਾਵਿਤ ਕੀਤਾ ਹੈ ਪਰ ਸਟ੍ਰਾਈਕਰਾਂ ਅਤੇ ਮਿਡਫੀਲਡ ਨੇ ਨਿਰਾਸ਼ ਕੀਤਾ ਹੈ। ਭਾਰਤ ਲਈ ਦੋਵੇਂ ਗੋਲ ਕਰਨ ਵਾਲੀ ਵੰਦਨਾ ਕਟਾਰੀਆ ਤੋਂ ਇਲਾਵਾ ਕਿਸੇ ਹੋਰ ਸਟ੍ਰਾਈਕਰ ਦਾ ਪ੍ਰਦਰਸ਼ਨ ਹਾਲੇ ਤੱਕ ਉਮੀਦ ਅਨੁਸਾਰ ਨਜ਼ਰ ਨਹੀਂ ਆਇਆ। ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਣਾ ਵੀ ਭਾਰਤ ਲਈ ਵੱਡੀ ਸਮੱਸਿਆ ਹੈ। ਦੋ ਮੈਚਾਂ ਵਿੱਚ ਭਾਰਤੀ ਟੀਮ 12 ਪੈਨਲਟੀ ਕਾਰਨਰਾਂ ’ਤੇ ਸਿਰਫ ਦੋ ਗੋਲ ਹੀ ਕਰ ਸਕੀ ਹੈ ਅਤੇ ਦੋਵੇਂ ਗੋਲ ਵੰਦਨਾ ਨੇ ਕੀਤੇ ਹਨ। -ਪੀਟੀਆਈ