ਬਰਮਿੰਘਮ, 6 ਅਗਸਤ
ਆਖਰੀ ਮਿੰਟਾਂ ’ਚ ਵੰਦਨਾ ਕਟਾਰੀਆ ਦੇ ਗੋਲ ਦੇ ਦਮ ’ਤੇ ਸ਼ਾਨਦਾਰ ਵਾਪਸੀ ਕਰਨ ਤੋਂ ਬਾਅਦ ਭਾਰਤੀ ਮਹਿਲਾ ਹਾਕੀ ਟੀਮ ਰਾਸ਼ਟਰਮੰਡਲ ਖੇਡਾਂ ਦੇ ਬਹੁਤ ਹੀ ਰੁਮਾਂਚਕ ਸੈਮੀ ਫਾਈਨਲ ’ਚ ਸ਼ੂਟ ਆਊਟ ’ਚ ਆਸਟਰੇਲੀਆ ਤੋਂ 0-3 ਨਾਲ ਹਾਰ ਗਈ ਤੇ ਹੁਣ ਕਾਂਸੀ ਤਗ਼ਮੇ ਲਈ ਖੇਡੇਗੀ। ਕਾਂਸੀ ਤਗ਼ਮੇ ਲਈ ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਹੋਵੇਗਾ। ਮੈਚ ਦੌਰਾਨ ਦਸਵੇਂ ਮਿੰਟ ’ਚ ਹੀ ਰੈਬੇਕਾ ਗ੍ਰੇਈਨਰ ਦੇ ਗੋਲ ਦੇ ਦਮ ’ਤੇ ਆਸਟਰੇਲੀਆ ਨੇ ਲੀਡ ਹਾਸਲ ਕਰ ਲਈ ਸੀ ਪਰ ਇਸ ਤੋਂ ਬਾਅਦ ਭਾਰਤ ਦੀ ਰੱਖਿਆ ਕਤਾਰ ਨੇ ਆਸਟਰੇਲੀਆ ਨੂੰ ਬੰਨ੍ਹੀ ਰੱਖਿਆ। ਭਾਰਤੀ ਟੀਮ ਲਈ ਬਰਾਬਰੀ ਦਾ ਗੋਲ 49ਵੇਂ ਮਿੰਟ ’ਚ ਸੁਸ਼ੀਲਾ ਦੇ ਪਾਸ ’ਤੇ ਵੰਦਨਾ ਕਟਾਰੀਆ ਨੇ ਕੀਤਾ। ਵਿਵਾਦਤ ਪੈਨਲਟੀ ਸ਼ੂਟਆਊਟ ’ਚ ਭਾਰਤ ਲਈ ਨੇਹਾ, ਨਵਨੀਤ ਕੌਰ ਤੇ ਲਾਲਰੇਮਸਿਆਮੀ ਗੋਲ ਨਹੀਂ ਕਰ ਸਕੀਆਂ ਜਦਕਿ ਆਸਟਰੇਲੀਆ ਲਈ ਐਂਬਰੋਸੀਆ ਮਾਲੋਨ, ਐਮੀ ਲਾਟਨ ਤੇ ਕੈਟਲੀਨ ਨੌਬਸ ਦੇ ਸ਼ਾਟ ਨਿਸ਼ਾਨੇ ’ਤੇ ਲੱਗੇ। -ਪੀਟੀਆਈ
ਐੱਫਆਈਐਚ ਨੇ ਮੁਆਫ਼ੀ ਮੰਗੀ
ਕੌਮਾਂਤਰੀ ਹਾਕੀ ਫੈਡਰੇਸ਼ਨ (ਐੱਫਆਈਐੱਚ) ਨੇ ਮਹਿਲਾ ਹਾਕੀ ਦੇ ਭਾਰਤ-ਆਸਟਰੇਲੀਆ ਵਿਚਾਲੇ ਹੋਏ ਸੈਮੀਫਾਈਨਲ ਦੌਰਾਨ ਘੜੀ ਨਾਲ ਜੁੜੇ ਵਿਵਾਦ ਲਈ ਮੁਆਫ਼ੀ ਮੰਗੀ ਤੇ ਕਿਹਾ ਉਹ ਇਸ ਘਟਨਾ ਦੀ ਪੂਰੀ ਸਮੀਖਿਆ ਕਰਨਗੇ। ਪੈਨਲਟੀ ਸ਼ੂਟਆਊਟ ਦੌਰਾਨ ਆਪਣੀ ਪਹਿਲੀ ਕੋਸ਼ਿਸ਼ ਖੁੰਝਣ ਵਾਲੀ ਆਸਟਰੇਲੀਆ ਦੀ ਰੋਜ਼ੀ ਮੈਲੋਨ ਨੂੰ ਇੱਕ ਹੋਰ ਮੌਕਾ ਦਿੱਤਾ ਗਿਆ ਕਿਉਂਕਿ ਸਕੋਰ ਬੋਰਡ ’ਤੇ ਅੱਠ ਸਕਿੰਟ ਦੀ ਉਲਟੀ ਗਿਣਤੀ ਸ਼ੁਰੂ ਨਹੀਂ ਹੋਈ। ਮੈਲੋਨ ਦੂਜਾ ਮੌਕਾ ਮਿਲਣ ’ਤੇ ਨਹੀਂ ਖੁੰਝੀ ਤੇ ਉਸ ਨੇ ਆਪਣੀ ਟੀਮ ਨੂੰ ਲੀਡ ਦਿਵਾ ਦਿੱਤੀ।