ਟੋਕੀਓ, 25 ਜੁਲਾਈ
ਭਾਰਤੀ ਸ਼ਟਲਰ ਪੀ.ਵੀ.ਸਿੰਧੂ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਤੇ ਮੁੱਕੇਬਾਜ਼ ਐੱਮ.ਸੀ.ਮੈਰੀਕੌਮ ਨੇ ਅੱਜ ਆਪੋ ਆਪਣੇ ਮੁਕਾਬਲੇ ਜਿੱਤ ਕੇ ਨਿਸ਼ਾਨੇਬਾਜ਼ਾਂ ਦੇ ਲਗਾਤਾਰ ਦੂਜੇ ਦਿਨ ਖ਼ਰਾਬ ਪ੍ਰਦਰਸ਼ਨ ਤੋਂ ਨਿਰਾਸ਼ ਭਾਰਤੀ ਖੇਮੇ ਵਿੱਚ ਨਵੀਂ ਉਮੀਦ ਜਗਾਈ ਹੈ। ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਵੱਲੋਂ ਓਲੰਪਿਕ ਖੇਡਾਂ ਦੇ ਪਹਿਲੇ ਦਿਨ ਚਾਂਦੀ ਦਾ ਤਗ਼ਮਾ ਜਿੱਤਣ ਮਗਰੋਂ ਸਿੰਧੂ ਤੇ ਮੈਰੀ ਕੌਮ ਨੇ ਆਪਣੀ ਮਕਬੂਲੀਅਤ ਮੁਤਾਬਕ ਪ੍ਰਦਰਸ਼ਨ ਕਰਕੇ ਅਗਲੇ ਗੇੜ ਵਿੱਚ ਥਾਂ ਬਣਾਈ। ਮਨਿਕਾ ਨੂੰ ਹਾਂਲਾਕਿ ਕੁਝ ਸੰਘਰਸ਼ ਕਰਨਾ ਪਿਆ, ਪਰ ਉਹ ਵੀ ਟੇਬਲ ਟੈਨਿਸ ਮਹਿਲਾ ਸਿੰਗਲਜ਼ ਦੇ ਤੀਜੇ ਗੇੜ ਵਿੱਚ ਪੁੱਜਣ ’ਚ ਸਫ਼ਲ ਰਹੀ। ਚਾਨੂ ਦੇ ਤਗ਼ਮੇ ਦੀ ਬਦੌਲਤ ਭਾਰਤ ਤਗ਼ਮਾ ਸੂਚੀ ਵਿੱਚ ਸਾਂਝੇ ਰੂਪ ਵਿੱਚ 21ਵੇਂ ਸਥਾਨ ’ਤੇ ਹੈ।
ਮੁੱਕੇਬਾਜ਼ੀ
ਮੁੱਕੇਬਾਜ਼ੀ ਵਿਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕੌਮ (51 ਕਿਲੋ ਭਾਰ ਵਰਗ) ਦੇ ਸ਼ੁਰੂਆਤੀ ਦੌਰ ਵਿੱਚ ਡੌਮੀਨਿਕਾ ਗਣਰਾਜ ਦੀ ਮਿਗੁਏਲਿਨਾ ਹਰਨਾਂਡੇਜ਼ ਗਾਰਸੀਆ ਨੂੰ ਹਰਾ ਕੇ ਓਲੰਪਿਕ ਖੇਡਾਂ ਦੇ ਪ੍ਰੀ-ਕੁਆਰਟਰਜ਼ ਵਿੱਚ ਦਾਖ਼ਲ ਹੋ ਗਈ। ਮੈਰੀ ਕੌਮ ਨੇ ਪੈਨ ਅਮਰੀਕੀ ਖੇਡਾਂ ਦੀ ਕਾਂਸੇ ਦਾ ਤਗ਼ਮਾ ਜੇਤੂ ਮੁੱਕੇਬਾਜ਼ ਨੂੰ 4-1 ਨਾਲ ਹਰਾਇਆ। ਪੁਰਸ਼ਾਂ ਦੇ ਵਰਗ ਵਿੱਚ ਮਨੀਸ਼ ਕੌਸ਼ਿਕ ਨੂੰ ਬ੍ਰਿਟੇਨ ਦੇ ਲਿਊਕ ਮੈਕੋਰਮੈਕ ਤੋਂ 4-1 ਦੀ ਸ਼ਿਕਸਤ ਮਿਲੀ।
ਬੈਡਮਿੰਟਨ
ਵਿਸ਼ਵ ਚੈਂਪੀਅਨ ਪੀ.ਵੀ.ਸਿੰਧੂ ਨੇ ਮਹਿਲਾ ਸਿੰਗਲਜ਼ ਵਿਚ ਇਜ਼ਰਾਇਲ ਦੀ ਸੇਨੀਆ ਪੋਲਿਕਾਰਪੋਵਾ ਖ਼ਿਲਾਫ਼ ਸਿੱਧੇ ਗੇਮਾਂ ਵਿੱਚ ਸੌਖੀ ਜਿੱਤ ਦਰਜ ਕੀਤੀ। ਰੀਂਚ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ 6ਵਾਂ ਦਰਜਾ ਸਿੰਧੂ ਨੇ 58ਵੀਂ ਦਰਜਾਬੰਦੀ ਵਾਲੀ ਇਜ਼ਰਾਇਲੀ ਸ਼ਟਲਰ ਨੂੰ 21-7, 21-10 ਨਾਲ ਸ਼ਿਕਸਤ ਦਿੱਤੀ। ਸਿੰਧੂ ਹੁਣ ਅਗਲੇ ਗੇੜ ਵਿੱਚ ਹਾਂਗਕਾਂਗ ਦੀ ਚਿਉਂਗ ਏਂਗਾਨ ਨਾਲ ਮੱਥਾ ਲਾਏਗੀ।
ਟੇਬਲ ਟੈਨਿਸ
ਟੇਬਲ ਟੈਨਿਸ ਵਿਚ ਆਲਮੀ ਦਰਜਾਬੰਦੀ ਵਿੱਚ 62ਵੇਂ ਨੰਬਰ ’ਤੇ ਕਾਬਜ਼ ਮਨਿਕਾ ਬੱਤਰਾ ਨੇ 20ਵਾਂ ਦਰਜਾ ਪ੍ਰਾਪਤ ਯੂਕਰੇਨ ਦੀ ਮਾਰਗ੍ਰੇਟ ਪੋਸੋਤਸਕਾ ਨੂੰ 57 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਸ਼ੁਰੂਆਤ ’ਚ ਪੱਛੜਨ ਦੇ ਬਾਵਜੂਦ 4-3(4-11, 4-11, 11-7, 12-10, 8-11, 11-5 ਤੇ 11-7) ਨਾਲ ਹਰਾਇਆ। ਉਧਰ ਪੁਰਸ਼ ਵਰਗ ਦੇ ਸਿੰਗਲਜ਼ ਵਿੱਚ ਦੂਜੇ ਗੇੜ ਦੇ ਮੁਕਾਬਲੇ ਦੌਰਾਨ ਇਕ ਵੇਲੇ 3-1 ਦੀ ਲੀਡ ਲੈਣ ਵਾਲ ਜੀ.ਸਾਥੀਆਨਾ ਹਾਂਗ ਕਾਂਗ ਦੇ ਲੈਮ ਸਿਊ ਹਾਂਗ ਤੋਂ 3-4 (7-11, 11-7, 11-4, 11-5, 9-11, 10-12 ਤੇ 6-11) ਨਾਲ ਹਾਰ ਗਿਆ।
ਨਿਸ਼ਾਨੇਬਾਜ਼ੀ
ਨਿਸ਼ਾਨੇਬਾਜ਼ੀ ਵਿੱਚ ਰੀਓ ਓਲੰਪਿਕ ਤੋਂ ਚੱਲੀ ਆ ਰਹੀ ਨਿਰਾਸ਼ਾ ਟੋਕੀਓ ਵਿੱਚ ਅੱਜ ਦੂਜੇ ਦਿਨ ਵੀ ਜਾਰੀ ਰਹੀ। ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਮਨੂ ਭਾਕਰ(19) ਤੇ ਯਸ਼ਸਵਿਨੀ ਸਿੰਘ ਦੇਸਵਾਲ ਤੇ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਵਿੱਚ ਦੀਪਕ ਕੁਮਾਰ ਤੇ ਦਿਵਿਆਂਸ਼ ਸਿੰਘ ਪੰਵਾਰ ਫਾਈਨਲਜ਼ ਲਈ ਕੁਆਲੀਫਾਈ ਨਹੀਂ ਕਰ ਸਕੇ। ਵਿਸ਼ਵ ਦੀ ਦੂਜੇ ਨੰਬਰ ਦੀ ਨਿਸ਼ਾਨੇਬਾਜ਼ ਮਨੂ ਦੀ ਸ਼ੁਰੂਆਤ ਚੰਗੀ ਸੀ ਤੇ ਇੰਜ ਲੱਗ ਰਿਹਾ ਸੀ ਕਿ ਉਹ ਸਿਖਰਲੇ ਅੱਠ ਵਿੱਚ ਸੌਖਿਆਂ ਹੀ ਥਾਂ ਬਣਾ ਲਏਗੀ, ਪਰ ਉਸ ਦੀ ਪਿਸਟਲ ਵਿੱਚ ਆਈ ਤਕਨੀਕੀ ਖਰਾਬੀ ਨਾਲ ਉਹਦੇ ਪ੍ਰਦਰਸ਼ਨ ’ਤੇ ਅਸਰ ਪਿਆ ਤੇ ਆਖਿਰ ਨੂੰ ਉਹ 12ਵੇਂ ਸਥਾਨ ’ਤੇ ਰਹੀ। ਮਨੂ ਦਾ ਸਕੋੋਰ 575 ਰਿਹਾ, ਜਦੋਂਕਿ ਕੱਟਆਫ਼ 577 ਸੀ। ਦੇਸਵਾਲ ਖ਼ਰਾਬ ਸ਼ੁਰੂਆਤ ਤੋਂ ਉਭਰਦਿਆਂ 574 ਦੇ ਸਕੋਰ ਨਾਲ 13ਵੇਂ ਸਥਾਨ ’ਤੇ ਰਹੀ। ਪੁਰਸ਼ਾਂ ਦੀ ਦਸ ਮੀਟਰ ਏਅਰ ਰਾਈਫਲ ਵਿੱਚ ਦੀਪਕ ਕੁਮਾਰ ਤੇ ਦਿਵਿਆਂਸ਼ ਸਿੰਘ ਪੰਵਾਰ ਕ੍ਰਮਵਾਰ 26ਵੇਂ ਤੇ 32ਵੇਂ ਸਥਾਨ ’ਤੇ ਰਹਿ ਕੇ ਕੁਆਲੀਫਾਈਂਗ ਗੇੜ ’ਚੋਂ ਹੀ ਬਾਹਰ ਹੋ ਗਏ। ਸਕੀਟ ਵਿੱਚ ਅੰਗਦ ਵੀਰ ਬਾਜਵਾ ਤਿੰਨ ਦੌਰ ਮਗਰੋਂ 73 ਅੰਕਾਂ ਨਾਲ 11ਵੇਂ ਸਥਾਨ ’ਤੇ ਰਹਿ ਕੇ ਫਾਈਨਲਜ਼ ਦੀ ਦੌੜ ਵਿੱਚ ਸ਼ਾਮਲ ਹੈ। ਨਿਸ਼ਾਨੇਬਾਜ਼ ਮੈਰਾਜ ਖ਼ਾਨ 71 ਦੇ ਸਕੋਰ ਨਾਲ 25ਵੇਂ ਸਥਾਨ ’ਤੇ ਹੈ।
ਜਿਮਨਾਸਟਿਕ
ਜਿਮਨਾਸਟਿਕ ਵਿੱਚ ਭਾਰਤ ਦੀ ਇੱਕੋ ਇਕ ਜਿਮਨਾਸਟ ਪ੍ਰਨਤੀ ਨਾਇਕ ਕਲਾਤਮਕ ਜਿਮਨਾਸਟਿਕ ਮੁਕਾਬਲੇ ਦੇ ਆਲ ਰਾਊਂਡ ਫਾਈਨਲਜ਼ ਵਿੱਚ ਥਾਂ ਬਣਾਉਣ ਤੋਂ ਖੁੰਝ ਗਈ।
ਕਿਸ਼ਤੀ ਚਾਲਣ
ਕਿਸ਼ਤੀ ਚਾਲਣ ਵਿੱਚ ਅਰਜੁਨ ਲਾਲ ਜਾਟ ਤੇ ਅਰਵਿੰਦ ਸਿਘ ਨੇ ਟੋਕੀਓ ਓਲੰਪਿਕ ਵਿੱਚ ਪੁਰਸ਼ਾਂ ਦੇ ਕਿਸ਼ਤੀ ਚਾਲਣ ਲਾਈਟਵੇਟ ਡਬਲ ਸਕੱਲਜ਼ ਮੁਕਾਬਲੇ ਵਿਚ ਰੇਪੇਸ਼ਾਜ ਗੇੜ ਵਿੱਚ ਤੀਜੀ ਥਾਵੇਂ ਰਹਿ ਕੇ ਸੈਮੀ ਫਾਈਨਲ ਵਿਚ ਥਾਂ ਪੱਕੀ ਕਰ ਲਈ ਹੈ। ਸੇਲਿੰਗ ਵਿੱਚ ਨੇਤਰਾ ਕੁਮਾਨਨ ਦੋ ਰੇਸ ਮਗਰੋਂ 27ਵੇਂ ਸਥਾਨ ’ਤੇ ਹੈ ਜਦੋਂਕਿ ਵਿਸ਼ਨ ਸ਼੍ਰਵਨਨ ਆਪਣੀ ਪਹਿਲੀ ਰੇਸ ਮਗਰੋਂ 14ਵੇਂ ਸਥਾਨ ’ਤੇ ਹੈ।
ਤੈਰਾਕੀ
ਤੈਰਾਕੀ ਵਿੱਚ ਮਾਨਾ ਪਟੇਲ ਮਹਿਲਾਵਾਂ ਦੀ 100 ਮੀਟਰ ਬੈਕਸਟ੍ਰੋਕ ਮੁਕਾਬਲੇ ਵਿੱਚ ਆਪਣੀ ਹੀਟ ਵਿੱਚ ਦੂਜੇ ਸਥਾਨ ’ਤੇ ਰਹਿੰਦਿਆਂ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਵਿਚ ਨਾਕਾਮ ਰਹੀ। ਪੁਰਸ਼ਾਂ ਦੀ 50 ਮੀਟਰ ਬੈਕਸਟ੍ਰੋਕ ਵਿੱਚ ਸ੍ਰੀਹਰੀ ਨਟਰਾਜ ਆਪਣੀ ਹੀਟ ਵਿੱਚ ਪੰਜਵੀਂ ਥਾਵੇਂ ਰਹਿ ਕੇ ਸੈਮੀ ਫਾਈਨਲ ਵਿੱਚ ਦਾਖ਼ਲੇ ਤੋਂ ਖੁੰਝ ਗਿਆ। -ਪੀਟੀਆਈ
ਓਲੰਪਿਕ ਵਿੱਚ ਅੱਜ ਭਾਰਤ ਦੇ ਮੁਕਾਬਲੇ
ਹਾਕੀ
•ਸ਼ਾਮ 5:45 ਵਜੇ ਭਾਰਤ ਬਨਾਮ ਜਰਮਨੀ (ਮਹਿਲਾ ਪੂਲ ਏ ਮੈਚ)
ਤੀਰਅੰਦਾਜ਼ੀ
•ਸਵੇਰੇ 6 ਵਜੇ ਭਾਰਤ(ਪ੍ਰਵੀਨ ਜਾਧਵਠ ਅਤਨੂ ਦਾਸ ਤੇ ਤਰੁਣਦੀਪ ਰਾਏ) ਬਨਾਮ ਕਜ਼ਾਖ਼ਿਸਤਾਨ ਪੁਰਸ਼ ਟੀਮ 1/8 ਐਲਿਮੀਨੇਸ਼ਨ
ਬੈਡਮਿੰਟਨ
•ਸਵੇਰੇ 9:10 ਵਜੇ (ਪੁਰਸ਼ ਡਬਲਜ਼) ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਬਨਾਮ ਇੰਡੋਨੇਸ਼ੀਆ ਦੀ ਜੋੜੀ
ਮੁੱਕੇਬਾਜ਼ੀ
•ਸ਼ਾਮ 3:06 ਵਜੇ ਆਸ਼ੀਸ਼ ਕੁਮਾਰ ਬਨਾਮ ਚੀਨ ਦਾ ਮੁੱਕੇਬਾਜ਼ (ਪੁਰਸ਼ 75 ਕਿਲੋ ਭਾਰ ਵਰਗ ਰਾਊਂਡ ਆਫ਼ 32 ਮੁਕਾਬਲਾ)
ਨਿਸ਼ਾਨੇਬਾਜ਼ੀ
•ਸਵੇਰੇ 6:30 ਵਜੇ ਮੈਰਾਜ ਅਹਿਮਦ ਖ਼ਾਨ ਤੇ ਅੰਗਦ ਵੀਰ ਸਿੰਘ ਬਾਜਵਾ (ਸਕੀਟ ਮੁਕਾਬਲਾ ਦੂਜਾ ਦਿਨ)
•ਦੁਪਹਿਰ 12:20 ਵਜੇ ਪੁਰਸ਼ ਸਕੀਟ ਫਾਈਨਲ
ਟੇਬਲ ਟੈਨਿਸ
•ਸਵੇਰੇ 6:30 ਵਜੇ ਅਚੰਤਾ ਸ਼ਰਤ ਕਮਲ ਬਨਾਮ ਪੁਰਤਗਾਲ ਦਾ ਸ਼ਟਲਰ (ਪੁਰਸ਼ ਸਿੰਗਲਜ਼ ਪਹਿਲਾ ਗੇੜ)
•ਦੁਪਹਿਰ 12:00 ਵਜੇ ਮਨਿਕਾ ਬੱਤਰਾ ਬਨਾਮ ਆਸਟਰੀਆ ਦੀ ਸ਼ਟਲਰ (ਮਹਿਲਾ ਸਿੰਗਲਜ਼ ਤੀਜਾ ਗੇੜ)
ਟੈਨਿਸ
•ਸਵੇਰੇ 7:30 ਵਜੇ ਮਗਰੋਂ ਤੀਜਾ ਮੁਕਾਬਲਾ ਸੁਮਿਤ ਨਾਗਲ ਬਨਾਮ ਦਾਨਿਲ ਮੈਦਵੇਦੇਵ ਪੁਰਸ਼ ਸਿੰਗਲਜ਼ ਦੂਜਾ ਗੇੜ