ਡਰਬੀ: ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੇ ਨਾਬਾਦ ਅਰਧ ਸੈਂਕੜੇ ਅਤੇ ਆਫ ਸਪਿੰਨਰ ਸਨੇਹ ਰਾਣਾ ਦੀਆਂ ਤਿੰਨ ਵਿਕਟਾਂ ਦੀ ਮਦਦ ਨਾਲ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਮੰਗਲਵਾਰ ਨੂੰ ਇੱਥੇ ਦੂਜੇ ਟੀ-20 ਮੈਚ ਵਿੱਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ਦੇ ਨੁਕਸਾਨ ’ਤੇ 142 ਦੌੜਾਂ ਬਣਾਈਆਂ। ਭਾਰਤ ਨੇ ਇਹ ਟੀਚਾ ਸਮ੍ਰਿਤੀ ਦੀਆਂ ਨਾਬਾਦ 79 ਦੌੜਾਂ, ਕਪਤਾਨ ਹਰਮਨਪ੍ਰੀਤ ਕੌਰ ਦੀਆਂ ਨਾਬਾਦ 29 ਦੌੜਾਂ ਅਤੇ ਸ਼ੈਫਾਲੀ ਵਰਮਾ ਦੀਆਂ 20 ਦੌੜਾਂ ਦੀ ਬਦੌਲਤ 3.2 ਓਵਰ ਬਾਕੀ ਰਹਿੰਦਿਆਂ ਦੋ ਵਿਕਟਾਂ ਗੁਆ ਕੇ 146 ਦੌੜਾਂ ਬਣਾ ਕੇ ਆਸਾਨੀ ਨਾਲ ਪੂਰਾ ਕਰ ਲਿਆ। ਭਾਰਤ ਵੱਲੋਂ ਸਨੇਹ ਰਾਣਾ ਨੇ ਤਿੰਨ ਅਤੇ, ਰੇਣੂਕਾ ਸਿੰਘ ਤੇ ਦੀਪਤੀ ਸ਼ਰਮਾ ਨੇ ਇੱਕ-ਇੱਕ ਵਿਕਟ ਲਈ। ‘ਪਲੇਅਰ ਆਫ ਦਿ ਮੈਚ’ ਸਮ੍ਰਿਤੀ ਮੰਧਾਨਾ ਨੂੰ ਐਲਾਨਿਆ ਗਿਆ। ਤਿੰਨ ਮੈਚਾਂ ਦੀ ਲੜੀ ਦਾ ਤੀਜਾ ਅਤੇ ਆਖਰੀ ਮੈਚ 15 ਸਤੰਬਰ ਨੂੰ ਬ੍ਰਿਸਟਲ ਵਿੱਚ ਖੇਡਿਆ ਜਾਵੇਗਾ। -ਪੀਟੀਆਈ