* ਰੋਮਾਂਚਕ ਮੈਚ ਵਿੱਚ ਦੀਪਿਕਾ ਨੇ ਦੋ ਅਤੇ ਸੰਗੀਤਾ ਨੇ ਇੱਕ ਗੋਲ ਕੀਤਾ
* ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੀ ਲਗਾਤਾਰ ਦੂਜੀ ਜਿੱਤ
ਰਾਜਗੀਰ, 12 ਨਵੰਬਰ
ਸਟਰਾਈਕਰ ਦੀਪਿਕਾ ਨੇ ਹੂਟਰ ਵੱਜਣ ਤੋਂ ਤਿੰਨ ਮਿੰਟ ਪਹਿਲਾਂ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਅੱਜ ਇੱਥੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਦੱਖਣੀ ਕੋਰੀਆ ਖ਼ਿਲਾਫ਼ ਭਾਰਤ ਨੂੰ 3-2 ਨਾਲ ਜਿੱਤ ਦਿਵਾਈ। ਭਾਰਤੀ ਟੀਮ ਨੇ ਪਹਿਲੇ ਅੱਧ ਵਿੱਚ ਸੰਗੀਤਾ ਕੁਮਾਰੀ ਅਤੇ ਦੀਪਿਕਾ ਦੇ ਗੋਲਾਂ ਨਾਲ 2-0 ਨਾਲ ਲੀਡ ਲੈ ਲਈ ਸੀ ਪਰ ਦੱਖਣੀ ਕੋਰੀਆ ਨੇ ਤੀਜੇ ਕੁਆਰਟਰ ਵਿੱਚ ਯੂਰੀ ਲੀ ਅਤੇ ਕਪਤਾਨ ਯੂਨਬੀ ਚੇਓਨ (38ਵੇਂ ਮਿੰਟ) ਦੇ ਗੋਲਾਂ ਨਾਲ ਸਕੋਰ 2-2 ਨਾਲ ਬਰਾਬਰ ਕਰ ਲਿਆ। ਇਸ ਮਗਰੋਂ ਦੀਪਿਕਾ ਨੇ 57ਵੇਂ ਮਿੰਟ ਵਿੱਚ ਗੋਲ ਕਰਕੇ ਟੂਰਨਾਮੈਂਟ ਵਿੱਚ ਦੇਸ਼ ਦੀ ਲਗਾਤਾਰ ਦੂਜੀ ਜਿੱਤ ਯਕੀਨੀ ਬਣਾਈ। ਭਾਰਤ ਨੇ ਸੋਮਵਾਰ ਨੂੰ ਟੂਰਨਾਮੈਂਟ ਦੇ ਪਲੇਠੇ ਮੈਚ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾਇਆ ਸੀ। ਮੇਜ਼ਬਾਨ ਟੀਮ ਹੁਣ ਵੀਰਵਾਰ ਨੂੰ ਥਾਈਲੈਂਡ ਨਾਲ ਭਿੜੇਗੀ। ਦਿਨ ਦੇ ਪਹਿਲੇ ਮੈਚ ਵਿੱਚ ਥਾਈਲੈਂਡ ਅਤੇ ਜਾਪਾਨ ਨੇ 1-1 ਨਾਲ ਡਰਾਅ ਖੇਡਿਆ ਜਦਕਿ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਚੀਨ ਨੇ ਮਲੇਸ਼ੀਆ ਨੂੰ 5-0 ਨਾਲ ਹਰਾ ਕੇ ਟੂਰਨਾਮੈਂਟ ’ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। -ਪੀਟੀਆਈ