ਰਾਜਗੀਰ, 18 ਨਵੰਬਰ
ਭਾਰਤੀ ਟੀਮ ਭਲਕੇ ਮਹਿਲਾ ਏਸ਼ਿਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਪਾਨ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੇਗੀ। ਮੌਜੂਦਾ ਪ੍ਰਦਰਸ਼ਨ ’ਤੇ ਨਜ਼ਰ ਮਾਰੀਏ ਤਾਂ ਮੌਜੂਦਾ ਚੈਂਪੀਅਨ ਭਾਰਤ ਦਾ ਹੱਥ ਉਪਰ ਲੱਗ ਰਿਹਾ ਹੈ। ਉਸ ਨੇ ਆਖਰੀ ਲੀਗ ਮੈਚ ਵਿੱਚ ਵੀ ਜਪਾਨ ਨੂੰ 3-0 ਨਾਲ ਮਾਤ ਦਿੱਤੀ ਸੀ। ਦੁਨੀਆ ਦੀ ਨੌਵੇਂ ਨੰਬਰ ਦੀ ਟੀਮ ਭਾਰਤ ਲੀਗ ਗੇੜ ਦੇ ਸਾਰੇ ਮੈਚ ਜਿੱਤ ਕੇ ਸੈਮੀਫਾਈਨਲ ਵਿੱਚ ਪਹੁੰਚੀ ਹੈ। ਭਾਰਤ ਦੇ ਮੁੱਖ ਕੋਚ ਹਰਿੰਦਰ ਸਿੰਘ ਨੇ ਕਿਹਾ, ‘ਸਾਨੂੰ ਆਪਣੀ ਟੀਮ ਦੀਆਂ ਕਮਜ਼ੋਰੀਆਂ ਅਤੇ ਖੂਬੀਆਂ ਬਾਰੇ ਪਤਾ ਹੈ। ਹੁਣ ਤੱਕ ਅਸੀਂ ਆਪਣੀ ਰਣਨੀਤੀ ’ਤੇ ਚੱਲੇ ਹਾਂ ਪਰ ਸੈਮੀਫਾਈਨਲ ਦੀ ਗੱਲ ਅਲੱਗ ਹੈ। ਸਾਨੂੰ ਇੱਕ ਗਲਤੀ ਵੀ ਭਾਰੀ ਪੈ ਸਕਦੀ ਹੈ।’ ਉਨ੍ਹਾਂ ਕਿਹਾ, ‘ਸਾਨੂੰ ਜਪਾਨ ਤੋਂ ਸਖ਼ਤ ਚੁਣੌਤੀ ਮਿਲ ਸਕਦੀ ਹੈ। ਅਭਿਆਸ ਮੈਚ ਅਤੇ ਪੂਲ ਮੈਚ ਵੱਖਰੀ ਤਰ੍ਹਾਂ ਦੇ ਹੁੰਦੇ ਹਨ। ਇਹ ਸੈਮੀਫਾਈਨਲ ਹੈ ਅਤੇ ਹਰ ਟੀਮ ਤਿਆਰੀ ਨਾਲ ਆਉਂਦੀ ਹੈ।’
ਭਾਰਤ ਦੀ ਬੈਕਲਾਈਨ ਉਦਿਤਾ, ਸੁਸ਼ੀਲਾ ਚਾਨੂ ਅਤੇ ਵੈਸ਼ਨਵੀ ਵਿੱਠਲ ਫਾਲਕੇ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਗੋਲਕੀਪਰ ਸਵਿਤਾ ਪੂਨੀਆ ਅਤੇ ਬਿਛੂ ਦੇਵੀ ਨੂੰ ਹਾਲੇ ਬਹੁਤੀ ਚੁਣੌਤੀ ਨਹੀਂ ਮਿਲੀ। ਭਾਰਤ ਨੂੰ ਦੀਪਿਕਾ ਦੇ ਰੂਪ ਵਿੱਚ ਇੱਕ ਸ਼ਾਨਦਾਰ ਸਟ੍ਰਾਈਕਰ ਅਤੇ ਡਰੈਗ ਫਲਿੱਕਰ ਮਿਲ ਗਿਆ, ਜਿਸ ਨੇ ਹੁਣ ਤੱਕ ਦਸ ਗੋਲ ਕੀਤੇ ਹਨ। ਕਪਤਾਨ ਸਲੀਮਾ ਟੇਟੇ ਨੇ ਮਿਡਫੀਲਡ ਵਿੱਚ ਨੇਹਾ ਗੋਇਲ, ਨਵਨੀਤ ਕੌਰ ਅਤੇ ਬਿਊਟੀ ਡੁੰਗਡੁੰਗ ਨਾਲ ਕਮਾਨ ਸਾਂਭੀ ਹੋਈ ਹੈ। -ਪੀਟੀਆਈ