ਯੂਜੀਨ, 24 ਜੁਲਾਈ
ਓਲੰਪਿਕ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ (24) ਨੇ ਵਿਸ਼ਵ ਚੈਂਪੀਅਨਸ਼ਿਪ ’ਚ ਚਾਂਦੀ ਦਾ ਤਗਮਾ ਜਿੱਤ ਕੇ ਇਕ ਵਾਰ ਫਿਰ ਇਤਿਹਾਸ ਸਿਰਜ ਦਿੱਤਾ ਹੈ। ਉਹ ਵਿਸ਼ਵ ਚੈਂਪੀਅਨਸ਼ਿਪ ’ਚ ਭਾਰਤ ਲਈ 19 ਸਾਲਾਂ ਮਗਰੋਂ ਤਗਮਾ ਜਿੱਤਣ ਵਾਲਾ ਦੂਜਾ ਅਤੇ ਪੁਰਸ਼ ਵਰਗ ’ਚ ਪਹਿਲਾ ਅਥਲੀਟ ਬਣ ਗਿਆ ਹੈ। ਇਸ ਤੋਂ ਪਹਿਲਾਂ ਅੰਜੂ ਬੌਬੀ ਜੌਰਜ ਨੇ ਲੰਬੀ ਛਾਲ ਮਾਰ ਕੇ ਪੈਰਿਸ ’ਚ 2003 ’ਚ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੇ ਦਾ ਤਗਮਾ ਜਿੱਤਿਆ ਸੀ।
ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਖੇਡ ਮੰਤਰੀ ਅਨੁਰਾਗ ਠਾਕੁਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਹੋਰ ਆਗੂਆਂ ਤੇ ਹਸਤੀਆਂ ਨੇ ਨੀਰਜ ਚੋਪੜਾ ਵੱਲੋਂ ਇਤਿਹਾਸ ਸਿਰਜਣ ’ਤੇ ਵਧਾਈ ਦਿੱਤੀ ਹੈ। ਨੀਰਜ ਚੋਪੜਾ ਨੇ 88.13 ਮੀਟਰ ਨੇਜਾ ਸੁੱਟ ਕੇ ਚਾਂਦੀ ਦਾ ਤਗਮਾ ਪੱਕਾ ਕੀਤਾ ਜਦਕਿ ਪਿਛਲੇ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਜ਼ ਨੇ 90.54 ਮੀਟਰ ਦੇ ਥਰੋਅ ਨਾਲ ਸੋਨ ਤਗਮਾ ਹਾਸਲ ਕੀਤਾ। ਨੀਰਜ ਦੇ ਪਹਿਲੇ ਥਰੋਅ ’ਤੇ ਫਾਊਲ ਹੋਇਆ ਸੀ ਪਰ ਇਸ ਮਗਰੋਂ 82.39 ਅਤੇ 86.37 ਮੀਟਰ ਦੇ ਥਰੋਅ ਨਾਲ ਉਹ ਤਿੰਨ ਗੇੜਾਂ ਮਗਰੋਂ ਚੌਥੇ ਸਥਾਨ ’ਤੇ ਸੀ। ਚੌਥੇ ਰਾਊਂਡ ’ਚ ਉਸ ਨੇ 88.13 ਮੀਟਰ ਤੱਕ ਨੇਜਾ ਸੁੱਟਿਆ ਅਤੇ ਦੂਜੇ ਨੰਬਰ ’ਤੇ ਆ ਗਿਆ।
ਉਸ ਦੇ ਮਗਰਲੇ ਦੋ ਥਰੋਅ ਫਾਊਲ ਰਹੇ। ਨੀਰਜ ਨੇ ਪਿਛਲੇ ਸਾਲ ਟੋਕੀਓ ਓਲੰਪਿਕਸ ’ਚ 87.58 ਮੀਟਰ ਦੀ ਦੂਰੀ ’ਤੇ ਨੇਜਾ ਸੁੱਟ ਕੇ ਸੋਨੇ ਦਾ ਤਗਮਾ ਜਿੱਤਿਆ ਸੀ। ਇਕ ਹੋਰ ਭਾਰਤੀ ਜੈਵਲਿਨ ਥ੍ਰੋਅਰ ਰੋਹਿਤ ਯਾਦਵ 78.72 ਮੀਟਰ ਤੱਕ ਹੀ ਨੇਜ਼ਾ ਸੁੱਟ ਸਕਿਆ ਅਤੇ ਉਹ 10ਵੇਂ ਸਥਾਨ ’ਤੇ ਰਿਹਾ। ਵਿਸ਼ਵ ਚੈਂਪੀਅਨਸ਼ਿਪ ’ਚ ਇਕ ਚਾਂਦੀ ਅਤੇ ਪੰਜ ਮੁਕਾਬਲਿਆਂ ਦੇ ਫਾਈਨਲ ’ਚ ਪਹੁੰਚਣ ਕਾਰਨ ਭਾਰਤ ਦਾ ਇਹ ਸਭ ਤੋਂ ਬਿਹਤਰੀਨ ਪ੍ਰਦਰਸ਼ਨ ਹੈ। ਭਾਰਤ ਦਾ ਐਲਡਹੋਜ਼ ਪੌਲ ਤੀਹਰੀ ਛਾਲ ਦੇ ਫਾਈਨਲ ’ਚ 9ਵੇਂ ਸਥਾਨ ’ਤੇ ਰਿਹਾ ਜਦਕਿ 4×400 ਮੀਟਰ ਰਿਲੇਅ ਟੀਮ ਨੂੰ 12ਵਾਂ ਸਥਾਨ ਮਿਲਿਆ। -ਪੀਟੀਆਈ