ਨਵੀਂ ਦਿੱਲੀ, 25 ਅਕਤੂਬਰ
ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੇ ਉਸ ਦੇ ਕੰਮ-ਕਾਜ ’ਚ ਸਰਕਾਰੀ ਦਖ਼ਲਅੰਦਾਜ਼ੀ ਦਾ ਹਵਾਲਾ ਦੇ ਕੇ ਆਗਾਮੀ ਵਿਸ਼ਵ ਚੈਂਪੀਅਨਸ਼ਿਪ ਤੋਂ ਹਟਣ ਦੇ ਫ਼ੈਸਲੇ ਨਾਲ ਪ੍ਰਭਾਵਿਤ ਪਹਿਲਵਾਨਾਂ ਨੇ ਅੱਜ ਖੇਡ ਮੰਤਰੀ ਮਨਸੁਖ ਮਾਂਡਵੀਆ ਤੋਂ ਇਸ ਮਾਮਲੇ ਨੂੰ ਸੁਲਝਾਉਣ ਦੀ ਮੰਗ ਕੀਤੀ ਹੈ। ਡਬਲਿਊਐੱਫਆਈ ਦੇ ਫ਼ੈਸਲੇ ਕਾਰਨ ਪ੍ਰਭਾਵਿਤ 12 ਪਹਿਲਵਾਨ ਮੰਤਰੀ ਦੀ ਰਿਹਾਇਸ਼ ’ਤੇ ਪੁੱਜੇ ਅਤੇ ਉਨ੍ਹਾਂ ਨੂੰ ਦਖ਼ਲ ਦੇਣ ਲਈ ਕਿਹਾ। ਬਾਰ੍ਹਾਂ ਗ਼ੈਰ-ਓਲੰਪਿਕ ਵਰਗ ਦੀ ਵਿਸ਼ਵ ਚੈਂਪੀਅਨ 29 ਅਕਤੂਬਰ ਤੋਂ ਅਲਬਾਨੀਆ ਦੇ ਤਿਰਾਨਾ ਵਿੱਚ ਹੋਣੀ ਹੈ। ਹੁਣ ਜਦੋਂ ਇਸ ਮੁਕਾਬਲੇ ਦੇ ਸ਼ੁਰੂ ਹੋਣ ਵਿੱਚ ਜ਼ਿਆਦਾ ਸਮਾਂ ਨਹੀਂ ਬਚਿਆ, ਉਦੋਂ ਪਹਿਲਵਾਨਾਂ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਉੱਥੇ ਪਹੁੰਚਣ ਵਿੱਚ ਦੇਰ ਹੋ ਗਈ। -ਪੀਟੀਆਈ